ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਜੂਨ
ਦਲਿਤ ਵਰਗ ਨਾਲ ਸਬੰਧਤ ਡੀਪੀਈ ਦੇ ਯੋਗ ਉਮੀਦਵਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬਾਂਹ ਵੀ ਫੜੀ ਜਾਵੇ। ਜਾਣਕਾਰੀ ਮੁਤਾਬਕ ਕੱਚੇ ਅਧਿਆਪਕਾਂ ਦੇ ਲੜੀਵਾਰ ਧਰਨੇ ਕਾਰਨ ਡੀਪੀਈ ਰਿਜ਼ਰਵ ਕੈਟਾਗਰੀ ਦੇ ਯੋਗ ਉਮੀਦਵਾਰਾਂ ਨੂੰ ਪੁਲੀਸ ਵੱਲੋਂ ਸਿੱਖਿਆ ਭਵਨ ਦੇ ਗੇਟ ਅੰਦਰ ਦਾਖ਼ਲ ਨਾ ਹੋਣ ਦੇਣ ਦਾ ਬੇਰੁਜ਼ਗਾਰ ਨੌਜਵਾਨਾਂ ਨੇ ਕਾਫ਼ੀ ਬੁਰਾ ਮਨਾਇਆ।
ਸਿੱਖਿਆ ਭਵਨ ਦੇ ਬਾਹਰ ਸਰਕਾਰੀ ਅਣਦੇਖੀ ਦਾ ਰੋਣਾ ਰੋਂਦਿਆਂ ਡੀਪੀਈ ਰਿਜ਼ਰਵ ਕੈਟਾਗਰੀ ਯੋਗ ਉਮੀਦਵਾਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ, ਸੰਦੀਪ ਸਿੰਘ, ਗੁਰਮੀਤ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ 707 ਉਮੀਦਵਾਰਾਂ ਦੀ ਨਿਯੁਕਤੀ ਕਰ ਕੇ ਉਨ੍ਹਾਂ ਨੂੰ ਸਟੇਸ਼ਨ ਅਲਾਟ ਕੀਤੇ ਗਏ ਜਦੋਂਕਿ ਬਾਕੀ 166 ਉਮੀਦਵਾਰ ਹੁਣ ਤੱਕ ਨੌਕਰੀ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਜਨਰਲ ਕੈਟਾਗਰੀ ਦੀਆਂ 450 ਅਸਾਮੀਆਂ ਬਾਬਤ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਹੈ ਜਿਸ ਦੀ ਆੜ ਵਿੱਚ ਦਲਿਤ ਉਮੀਦਵਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦੋਂਕਿ ਇਸ ਕੇਸ ਨਾਲ ਦਲਿਤ ਕੈਟਾਗਰੀ ਦੀਆਂ ਅਸਾਮੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਉਨ੍ਹਾਂ ਦੋਸ਼ ਲਾਇਆ ਕਿ ਕੁਝ ਸਿਫ਼ਾਰਸ਼ੀ ਉਮੀਦਵਾਰਾਂ ਨੂੰ ਗਲਤ ਤਰੀਕੇ ਨਾਲ ਨਿਯੁਕਤੀ ਪੱਤਰ ਦਿੱਤੇ ਗਏ ਹਨ ਜਦੋਂਕਿ ਮੈਰਿਟ ਵਿੱਚ ਉੱਪਰਲੇ ਨੰਬਰਾਂ ਵਾਲੇ ਉਮੀਦਵਾਰਾਂ ਨੂੰ ਫ਼ਰਿਆਦ ਨਹੀਂ ਸੁਣੀ ਜਾ ਰਹੀ ਹੈ।
ਅਸਿਸਟੈਂਟ ਡਾਇਰੈਕਟਰ ਨੇ ਦੋਸ਼ ਨਕਾਰੇ
ਅਸਿਸਟੈਂਟ ਡਾਇਰੈਕਟਰ ਕੁਲਵਿੰਦਰ ਕੌਰ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਗੁਮਰਾਹਕੁਨ ਬਿਆਨਬਾਜ਼ੀ ਕਰਨ ਦੀ ਥਾਂ ਸੱਚ ਦੱਸਣਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਤੱਕ ਕੋਈ ਪੀੜਤ ਨੌਜਵਾਨ ਉਨ੍ਹਾਂ ਨੂੰ ਨਹੀਂ ਮਿਲਿਆ ਅਤੇ ਨਾ ਹੀ ਪੁਲੀਸ ਵੱਲੋਂ ਨੌਜਵਾਨਾਂ ਨੂੰ ਗੇਟ ਦੇ ਬਾਹਰੋਂ ਵਾਪਸ ਮੋੜ ਦੇਣ ਬਾਰੇ ਹੀ ਕੁਝ ਪਤਾ ਹੈ। ਫਿਰ ਵੀ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਉਨ੍ਹਾਂ ਨੂੰ ਦਫ਼ਤਰ ਵਿੱਚ ਆ ਕੇ ਮਿਲ ਸਕਦਾ ਹੈ।