ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 28 ਜੁਲਾਈ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਦਾ ਦੌਰਾ ਕਰਨ ਮੌਕੇ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਰੈਫਰਲ ਹਸਪਤਾਲਾਂ ਵਜੋਂ ਤਬਦੀਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਲਾਜ ਲਈ ਆਉਣ ਵਾਲੇ ਲੋਕਾਂ ਨਾਲ ਦੋਸਤਾਨਾ ਵਿਹਾਰ ਕਰਦੇ ਹੋਏ ਪਹਿਲ ਦੇ ਆਧਾਰ ’ਤੇ ਇਲਾਜ ਕੀਤਾ ਜਾਵੇ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਲੈਬਾਰਟਰੀਆਂ ਵਿੱਚ ਟੈਸਟ ਕਰਵਾਉਣ ਲਈ ਆਉਣ ਵਾਲੇ ਲੋਕਾਂ ਦੇ ਵੱਧ ਤੋਂ ਵੱਧ ਟੈਸਟ ਕੀਤੇ ਜਾਣ ਤਾਂ ਜੋ ਸਰਕਾਰੀ ਹਸਪਤਾਲਾਂ ਵਿਚ ਹਰੇਕ ਵਿਅਕਤੀ ਨੂੰ ਇਲਾਜ ਮੁਹੱਈਆ ਕਰਵਾਇਆ ਜਾ ਸਕੇ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਤੇ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਵੀ ਮੌਜੂਦ ਸਨ।
ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਹਸਪਤਾਲਾਂ ਦੀ ਦਸ਼ਾ ਸੁਧਾਰਨ ਲਈ ਹਰੇਕ ਵਰਗ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਨੇ ਮਰੀਜ਼ਾਂ ਨੂੰ ਮਿਲ ਕੇ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਅਤੇ ਡਾਕਟਰਾਂ ਨੂੰ ਜ਼ਰੂਰੀ ਨਿਰਦੇਸ਼ ਵੀ ਦਿੱਤੇ। ਸ੍ਰੀ ਜੋੜੇਮਾਜਰਾ ਨੇ ਹਸਪਤਾਲ ਵਿਚਲੇ ਨਸ਼ਾ ਛਡਾਓ ਕੇਂਦਰ ਦਾ ਦੌਰਾ ਕਰਨ ਮੌਕੇ ਡਾਕਟਰਾਂ ਨੂੰ ਕਿਹਾ ਕਿ ਇਲਾਜ ਲਈ ਆਉਣ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਿਆ ਜਾਵੇ। ਉਨ੍ਹਾਂ ਹਸਪਤਾਲ ਵਿੱਚ ਜੱਚਾ-ਬੱਚਾ ਕੇਂਦਰ ਦੀ ਇਮਾਰਤ ਨੂੰ ਛੇਤੀ ਮੁਕੰਮਲ ਕਰਨ ਲਈ ਠੇਕੇਦਾਰ ਨੂੰ ਹਦਾਇਤ ਵੀ ਕੀਤੀ ਅਤੇ ਵਾਰਡਾਂ ਤੇ ਪਖਾਨਿਆਂ ਦੀ ਨਿਰੰਤਰ ਸਫ਼ਾਈ ਯਕੀਨੀ ਬਣਾਉਣ ਲਈ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ, ਐੱਸਡੀਐਮ ਹਰਪ੍ਰੀਤ ਸਿੰਘ ਅਟਵਾਲ, ਜ਼ਿਲ੍ਹਾ ਪ੍ਰਧਾਨ ਅਜੈ ਸਿੰਘ ਲਬਿੜਾ, ਸੂਬਾ ਬੁਲਾਰਾ ਗੁਰਵਿੰਦਰ ਸਿੰਘ ਢਿੱਲੋਂ, ਮਨੀ ਵੜਿੰਗ, ਯੂਥ ਪ੍ਰਧਾਨ ਰਸ਼ਪਿੰਦਰ ਸਿੰਘ ਰਾਜਾ, ਸਿਵਲ ਸਰਜਨ ਡਾ. ਵਿਜੈ ਕੁਮਾਰ ਤੇ ਐੱਸਐੱਮਓ ਡਾ. ਕੁਲਦੀਪ ਸਿੰਘ ਹਾਜ਼ਰ ਸਨ।