ਪੱਤਰ ਪ੍ਰੇਰਕ
ਪੰਚਕੂਲਾ, 22 ਜੁਲਾਈ
ਪੰਚਕੂਲਾ ‘ਆਪ’ ਦੇ ਉੱਤਰੀ ਹਰਿਆਣਾ ਜ਼ੋਨ ਦੇ ਸਕੱਤਰ ਯੋਗੇਸ਼ਵਰ ਸ਼ਰਮਾ ਨੇ ਕਿਹਾ ਕਿ ਭਾਜਪਾ ਦੀ ਸੂਬਾ ਸਰਕਾਰ ਸ਼ਹੀਦਾਂ ਦੀਆਂ ਚਿਤਾਵਾਂ ’ਤੇ ਰਾਜਨੀਤੀ ਕਰਦੀ ਹੈ ਪਰ ਆਜ਼ਾਦੀ ਘੁਲਾਟੀਆਂ ਜਾਂ ਉਨ੍ਹਾਂ ਦੇ ਪਰਿਵਾਰਾਂ ਦਾ ਖਿਆਲ ਨਹੀਂ ਰੱਖ ਰਹੀ। ਜਿਹੜੇ ਕਈ ਸਾਲਾਂ ਤੋਂ ਆਜ਼ਾਦੀ ਘੁਲਾਟੀਏ ਦਾ ਦਰਜਾ ਪਾਉਣ ਲਈ ਦਰ ਦਰ ਭਟਕ ਰਹੇ ਹਨ। ਕਈ ਵਾਰ ਸਰਕਾਰਾਂ ਨੂੰ ਯਾਦ ਪੱਤਰ ਤੇ ਬੇਨਤੀਆਂ ਕਰਨ ਦੇ ਬਾਵਜੂਦ ਅੱਜ ਤੱਕ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋਈ। ਯੋਗੇਸ਼ਵਰ ਨੇ ਕਿਹਾ ਕਿ ਆਜ਼ਾਦ ਹਿੰਦ ਫੌਜ ਦੇ ਜਵਾਨਾਂ ਦੇ ਕੁਝ ਰਿਸ਼ਤੇਦਾਰ ਪਿਛਲੀ ਦਿਨੀ ਉਨ੍ਹਾਂ ਨੂੰ ਮਿਲੇ ਸਨ। ਜਿਨ੍ਹਾਂ ਦੱਸਿਆ ਕਿ ਆਜ਼ਾਦ ਹਿੰਦ ਫੌਜ ਦੇ 58 ਜਵਾਨ ਹਾਲੇ ਵੀ ਗੁਮਨਾਮ ਹਨ। ਰਾਸ਼ਟਰੀ ਪੁਰਾਲੇਖ ਵਿਭਾਗ ਨੇ ਉਨ੍ਹਾਂ ਦੇ ਰਿਕਾਰਡ ਦੀ ਭਾਲ ਕੀਤੀ ਹੈ ਤੇ ਉਨ੍ਹਾਂ ਦੇ ਨਾਂ ਤੇ ਪਿੰਡ ਦਾ ਪਤਾ ਸਰਕਾਰ ਨੂੰ ਭੇਜਿਆ ਹੈ। ਪਰ ਇਨ੍ਹਾਂ ਪਰਿਵਾਰਾਂ ਦੀ ਸਾਰ ਲੈਣ ਲਈ ਕੋਈ ਨਹੀਂ ਆਇਆ।