ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 11 ਜੂਨ
ਤਿੰਨ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਪਿਛਲੀ ਦਿਨੀਂ ਮੁਹਾਲੀ ਅਤੇ ਖਰੜ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਏ ਜਾਣ ਅਤੇ ਪੁਲੀਸ ਦੀ ਸਖ਼ਤੀ ਦੇ ਬਾਵਜੂਦ ਲੁਟੇਰੇ ਬੇਖ਼ੌਫ਼ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੇ ਦਿਨੀਂ ਮੁੰਡੀ ਖਰੜ ਵਿੱਚ ਬਜ਼ੁਰਗ ਔਰਤ ਤੋਂ ਲੁੱਟ ਹੋਣ ਅਤੇ ਡੇਰਾਬੱਸੀ ਵਿੱਚ ਕਰੋੜਾਂ ਦੀ ਲੁੱਟ ਦੇ ਮਾਮਲੇ ਵਿੱਚ ਮੁਲਜ਼ਮ ਹਾਲੇ ਫੜੇ ਵੀ ਨਹੀਂ ਗਏ ਕਿ ਅੱਜ ਦੇਰ ਰਾਤ ਕਸਬਾ ਲਾਂਡਰਾਂ ਵਿੱਚ ਲੁਟੇਰੇ ਸੁਨਿਆਰੇ ਕੋਲੋਂ ਡੇਢ ਕਿੱਲੋ ਸੋਨਾ ਅਤੇ 25 ਕਿੱਲੋ ਚਾਂਦੀ ਲੁੱਟ ਕੇ ਫਰਾਰ ਹੋ ਗਏ। ਜਦੋਂ ਸੁਨਿਆਰੇ ਨੇ ਲੁਟੇਰਿਆਂ ਨੂੰ ਜੱਫ਼ਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਫਾਇਰ ਕਰ ਕੇ ਫਰਾਰ ਹੋ ਗਏ।
ਪਿੰਡ ਨਿਊ ਲਾਂਡਰਾਂ ਦੇ ਸਾਬਕਾ ਸਰਪੰਚ ਗੁਰਮੁੱਖ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਪ੍ਰਵੀਨ ਕੁਮਾਰ ਨਾਂ ਦਾ ਵਿਅਕਤੀ ਲਾਂਡਰਾਂ ਮਾਰਕੀਟ ਵਿੱਚ ਸੁਨਿਆਰੇ ਦੀ ਦੁਕਾਨ ਕਰਦਾ ਹੈ। ਉਹ ਅੱਜ ਦੇਰ ਰਾਤ ਆਪਣੀ ਦੁਕਾਨ ਬੰਦ ਕਰ ਕੇ ਖਰੜ ਸਥਿਤ ਆਪਣੇ ਘਰ ਜਾਣ ਹੀ ਲੱਗਾ ਸੀ ਕਿ ਐਨੇ ਵਿੱਚ ਇਕ ਕਾਰ ਸਵਾਰ ਚਾਰ ਹਥਿਆਰਬੰਦ ਲੁਟੇਰੇ ਉੱਥੇ ਆਏ ਅਤੇ ਸੁਨਿਆਰੇ ਦੀਆਂ ਅੱਖਾਂ ਵਿੱਚ ਲਾਲ ਮਿਰਚ ਦਾ ਪਾਊਡਰ ਪਾ ਕੇ ਗਹਿਣਿਆਂ ਨਾਲ ਭਰੇ ਤਿੰਨ ਚਾਰ ਬੈਗ ਲੈ ਕੇ ਫਰਾਰ ਹੋ ਗਏ। ਪੀੜਤ ਪ੍ਰਵੀਨ ਕੁਮਾਰ ਅਨੁਸਾਰ ਲੁਟੇਰੇ ਉਸ ਦਾ ਡੇਢ ਕਿੱਲੋ ਸੋਨਾ ਅਤੇ 25 ਕਿੱਲੋ ਚਾਂਦੀ ਲੁੱਟ ਕੇ ਲੈ ਗਏ ਹਨ।
ਹਾਲਾਂਕਿ ਉਸ ਨੇ ਲੁਟੇਰਿਆਂ ਨੂੰ ਫੜਨ ਅਤੇ ਉਨ੍ਹਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪ੍ਰੰਤੂ ਲੁਟੇਰਿਆਂ ਨੇ ਪਹਿਲਾਂ ਗੋਲੀਆਂ ਚਲਾਈਆਂ ਅਤੇ ਫਿਰ ਉਸ ਦੀਆਂ ਅੱਖਾਂ ਵਿੱਚ ਲਾਲ ਮਿਰਚਾਂ ਦਾ ਪਾਊਡਰ ਪਾ ਦਿੱਤਾ। ਸੁਨਿਆਰੇ ਅਨੁਸਾਰ ਲੁਟੇਰੇ ਲੁੱਟ ਦੀ ਵਾਰਦਾਤ ਤੋਂ ਬਾਅਦ ਸਰਕਾਰੀ ਹਾਈ ਸਕੂਲ ਲਾਂਡਰਾਂ ਨੇੜਿਓਂ ਪਿੰਡ ਦੀ ਫਿਰਨੀ ਵੱਲ ਨੂੰ ਭੱਜ ਗਏ।
ਸਾਬਕਾ ਸਰਪੰਚ ਗੁਰਮੁੱਖ ਸਿੰਘ ਨੇ ਤੁਰੰਤ ਪੁਲੀਸ ਨੂੰ ਫੋਨ ’ਤੇ ਵਾਰਦਾਤ ਬਾਰੇ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਡੀਐੱਸਪੀ (ਸਿਟੀ-2) ਸੁਖਜੀਤ ਸਿੰਘ ਵਿਰਕ, ਸੋਹਾਣਾ ਥਾਣੇ ਦੇ ਐੱਸਐੱਚਓ ਗੁਰਜੀਤ ਸਿੰਘ ਅਤੇ ਸਬ ਇੰਸਪੈਕਟਰ ਨੈਬ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਹਾਈ ਅਲਰਟ ਜਾਰੀ ਕਰ ਦਿੱਤਾ ਅਤੇ ਵਾਇਰਲੈੱਸ ਰਾਹੀਂ ਵਾਰਦਾਤ ਸਬੰਧੀ ਮੈਸੇਜ ਦਿੱਤਾ ਗਿਆ ਪਰ ਖਬਰ ਲਿਖੇ ਜਾਣ ਤੱਕ ਪੁਲੀਸ ਨੂੰ ਲੁਟੇਰਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ।