ਖੇਤਰੀ ਪ੍ਰਤੀਨਿਧ
ਐਸ.ਏ.ਐਸ. ਨਗਰ (ਮੁਹਾਲੀ), 27 ਜੁਲਾਈ
ਪੰਜਾਬ ਦੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਹੈ ਕਿ ਵਿਭਾਗ ਦਾ ਟੀਚਾ ਪੰਜਾਬ ਵਿੱਚ 1 ਕਰੋੜ 20 ਲੱਖ ਬੂਟੇ ਲਗਾਉਣ ਦਾ ਹੈ ਜਦੋਂ ਕਿ ਕੈਂਪ ਸਕੀਮ ਅਧੀਨ 52 ਲੱਖ ਅਤੇ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਅਧੀਨ 58 ਲੱਖ ਬੂਟੇ ਲਾਏ ਜਾਣਗੇ ਅਤੇ 40 ਹਜ਼ਾਰ ਤ੍ਰਿਵੈਣੀਆਂ ਵੀ ਸਥਾਪਤ ਕੀਤੀਆਂ ਜਾਣਗੀਆਂ। ਉਹ ਅੱਜ ਇੱਥੋਂ ਦੇ ਸੈਕਟਰ 68 ਵਿਖੇ ਵਿਭਾਗ ਦੇ ਮੁੱਖ ਦਫ਼ਤਰ ਵਣ ਕੰਪਲੈਕਸ ਵਿਖੇ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕਰਨ ਮੌਕੇ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਕਿਹਾ ਅਧਿਕਾਰੀਆਂ ਨੂੰ ਆਖਿਆ ਗਿਆ ਕਿ ਕਿ ਇੱਕ ਵੀ ਬੂਟਾ ਕਿਸੇ ਨਿੱਜੀ ਨਰਸਰੀ ਤੋਂ ਬਿਲਕੁਲ ਨਾ ਖਰੀਦਿਆ ਜਾਵੇ ਅਤੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਪੰਜਾਬ ਦੇ ਸਮੁੱਚੇ ਵਰਗਾਂ ਦਾ ਸਹਿਯੋਗ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 400 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ ਹਨ ਅਤੇ ਹੋਰ ਕਬਜ਼ਿਆਂ ਨੂੰ ਛੁਡਾਏ ਜਾਣ ਲਈ ਅਗਲੇਰੀ ਕਾਰਵਾਈ ਜਾਰੀ ਹੈ।
ਇਸ ਮੌਕੇ ਉਨ੍ਹਾਂ ਵਿਭਾਗੀ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਹਰ ਵਰਗ ਦੀ ਭਲਾਈ ਹਿੱਤ ਹਰ ਸੰਭਵ ਯਤਨ ਕਰਨ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ ਤੇ ਖਾਲੀ ਆਸਾਮੀਆਂ ਭਰੀਆਂ ਜਾ ਰਹੀਆਂ ਹਨ।
ਜੰਗਲਾਤ ਵਿਭਾਗ ਦੇ ਵਰਕਰਾਂ ਦੀਆਂ ਬਕਾਇਆ ਤਨਖਾਹਾਂ ਬਾਰੇ ਮੰਤਰੀ ਨੇ ਦੱਸਿਆ ਕਿ ਕੈਂਪਾ ਸਕੀਮ ਨਾਲ ਸਬੰਧਤ ਅਪਰੈਲ, ਮਈ ਅਤੇ ਜੂਨ ਮਹੀਨੇ ਦੀਆਂ ਤਨਖਾਹਾਂ ਕੇਂਦਰ ਸਰਕਾਰ ਵੱਲੋਂ 1 ਅਗਸਤ ਤੱਕ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਵਿਭਾਗ ਦੀ ਇਹ ਕੋਸ਼ਿਸ਼ ਹੋਵੇਗੀ ਕਿ 10 ਅਗਸਤ ਹਰੇਕ ਵਰਗ ਦੇ ਖਾਤੇ ਵਿੱਚ ਤਨਖਾਹਾਂ ਪਾ ਦਿੱਤੀਆਂ ਜਾਣ। ਮੁਲਾਜ਼ਮਾਂ ਦੀ ਸੀਨੀਆਰਤਾ ਸੂਚੀ ਬਾਰੇ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਜੇਕਰ ਕੋਈ ਤਰੁੱਟੀਆਂ ਇਸ ਵਿੱਚ ਹੋਣ ਤਾਂ ਉਹਨਾਂ ਨੂੰ ਦਰੁਸਤ ਕਰਕੇ ਇਹ ਸੂਚੀ ਮੁਲਾਜ਼ਮ ਜਥੇਬੰਦੀ ਨੂੰ ਪ੍ਰਦਾਨ ਕੀਤੀ ਜਾਵੇ।