ਮੁਕੇਸ਼ ਕੁਮਾਰ
ਚੰਡੀਗੜ੍ਹ, 10 ਸਤੰਬਰ
ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਮੱਛਰਾਂ ਤੋਂ ਫੈਲਣ ਵਾਲੀਆਂ ਡੇਂਗੂ ਤੇ ਮਲੇਰੀਆ ਨੂੰ ਲੈ ਕੇ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਕੋਲ ਪਾਣੀ ਖੜ੍ਹਾ ਨਾ ਹੋਣ ਦੇਣ ਨੂੰ ਲੈ ਕੇ ਜਾਗਰੂਕ ਕੀਤਾ ਜਾਂਦਾ ਹੈ ਤੇ ਇਸ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਨੋਟਿਸ ਦੇ ਕੇ ਚਲਾਨ ਕੱਟੇ ਜਾਂਦੇ ਹਨ। ਦੂਜੇ ਪਾਸੇ ਨਗਰ ਨਿਗਮ ਦੇ ਆਪਣੇ ਹੀ ਦਫ਼ਤਰਾਂ ’ਚ ਨਿਗਮ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਨਿਗਮ ਦੇ ਦਫਤਰਾਂ ’ਚ ਖੜ੍ਹੇ ਪਾਣੀ ਨੂੰ ਲੈ ਕੇ ਕੋਈ ਵੀ ਅਧਿਕਾਰੀ ਗੰਭੀਰ ਨਹੀਂ। ਇਸ ਪਾਣੀ ਤੋਂ ਪੈਦਾ ਹੋਣ ਵਾਲੇ ਮੱਛਰ ਮਲੇਰੀਆ ਨੂੰ ਸੱਦਾ ਦੇ ਰਹੇ ਹਨ। ਨਿਗਮ ਵੱਲੋਂ ਬਣਾਈਆਂ ਵਿਸ਼ੇਸ ਟੀਮਾਂ ਵੱਲੋਂ ਲੋਕਾਂ ਨੂੰ ਘਰਾਂ ’ਚ ਪਏ ਗਮਲਿਆਂ, ਕੂਲਰਾਂ ਦੇ ਪਾਣੀ, ਪਾਣੀ ਦੇ ਮੀਟਰਾਂ ’ਚ ਲੀਕੇਜ ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ ਪਰ ਨਿਗਮ ਦੇ ਇਨ੍ਹਾਂ ਆਦੇਸ਼ਾਂ ਦੀਆਂ ਨਿਗਮ ਦੇ ਆਪਣੇ ਹੀ ਦਫ਼ਤਰਾਂ ’ਚ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇੱਥੇ ਸੈਕਟਰ-32 ਸਥਿਤ ਨਗਰ ਨਿਗਮ ਦੇ ਵਾਟਰ ਵਰਕਸ ਦੀ ਪਾਰਕਿੰਗ ’ਚ ਪਿਛਲੇ ਕਈਂ ਦਿਨਾਂ ਤੋਂ ਮੀਂਹ ਦਾ ਪਾਣੀ ਖੜ੍ਹਾ ਹੈ। ਖੜ੍ਹੇ ਪਾਣੀ ਵਿੱਚ ਮੱਖੀਆਂ ਤੇ ਮੱਛਰ ਤੈਰ ਰਹੇ ਹਨ। ਇਥੇ ਵਾਟਰ ਵਰਕਸ ’ਚ ਆਪਣੇ ਪਾਣੀ ਦੇ ਮੀਟਰਾਂ ਸਬੰਧੀ ਕੰਮ ਕਰਵਾਉਣ ਆਉਣ ਵਾਲਿਆਂ ਨੂੰ ਪਾਰਕਿੰਗ ’ਚ ਖੜ੍ਹੇ ਪਾਣੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੇ ਪਾਰਕਿੰਗ ’ਚ ਖੜ੍ਹੇ ਪਾਣੀ ਕਾਰਨ ਮੱਛਰਾਂ ਤੇ ਕੱਟਣ ਕਾਰਨ ਉਥੇ ਇੱਕ ਮਿੰਟ ਵੀ ਖੜ੍ਹਾ ਰਹਿਣਾ ਮੁਸ਼ਕਲ ਹੈ। ਇਸ ਬਾਰੇ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਦੇ ਐਕਸੀਅਨ ਪੀਪੀ ਸਿੰਘ ਨਾਲ ਮੋਬਾਈਲ ’ਤੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਮੋਬਾਈਲ ਫੋਨ ਹੀ ਨਹੀਂ ਚੁੱਕਿਆ। ਉਧਰ, ਨਗਰ ਨਿਗਮ ਦੀ ਆਪਣੇ ਹੀ ਨਿਯਮਾਂ ਦੇ ਉਲੰਘਣਾ ਦਾ ਇੱਕ ਹੋਰ ਨਮੂਨਾ ਸੈਕਟਰ-17 ’ਚ ਨਗਰ ਨਿਗਮ ਦੇ ਮੁੱਖ ਭਵਨ ਦੇ ਪਿਛਲੇ ਵਾਲੀ ਪਾਰਕਿੰਗ ’ਚ ਵੀ ਦੇਖਿਆ ਜਾ ਸਕਦਾ ਹੈ। ਇਥੇ ਪਾਰਕਿੰਗ ’ਚ ਥਾਂ ’ਤੇ ਪਏ ਟੋਇਆਂ ’ਚ ਕਈ ਦਿਨ ਪਹਿਲਾਂ ਪਏ ਮੀਂਹ ਦਾ ਪਾਣੀ ਖੜ੍ਹਾ ਹੈ। ਕਈਂ ਦਿਨਾਂ ਤੋਂ ਖੜ੍ਹੇ ਪਾਣੀ ’ਚ ਅਵਾਰਾ ਕੁੱਤੇ ਬੈਠੇ ਰਹਿੰਦੇ ਹਨ ਤੇ ਪਾਣੀ ’ਚੋਂ ਗੰਦੀ ਬਦਬੂ ਵੀ ਆਉਣੀ ਸ਼ੁਰੂ ਹੋ ਗਈ ਹੈ। ਇਥੇ ਖੜ੍ਹੇ ਪਾਣੀ ਵਿੱਚ ਮੱਖੀਆਂ ਤੇ ਮੱਛਰ ਤੈਰ ਰਹੇ ਹਨ। ਇਸ ਬਾਰੇ ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ਨੇ ਕਿਹਾ ਕਿ ਉਹ ਇਸ ਬਾਰੇ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਇੱਕ ਮੁਹਿੰਮ ਚਲਾਉਣ ਲਈ ਕਹਿਣਗੇ ਤੇ ਸ਼ਹਿਰ ’ਚ ਜਨਤਕ ਥਾਵਾਂ ’ਤੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ।