ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 6 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਇੱਕ ਪਾਸੇ ਪਾਰਟੀ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦਾ ਪੱਤਾ ਖੇਡ ਰਹੀ ਹੈ ਅਤੇ ਟਕਸਾਲੀ ਅਕਾਲੀ ਆਗੂਆਂ ਦੇ ਘਰਾਂ ਵਿੱਚ ਗੇੜੀਆਂ ਮਾਰ ਰਹੀ ਹੈ ਪ੍ਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ, ਫੇਜ਼-8 ਵਿਖੇ ਜੂਨ 1984 ਘੱਲੂਘਾਰਾ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਅਰਦਾਸ ਸਮਾਗਮ ਵਿੱਚ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਮੈਂਬਰ ਅਤੇ ਅਕਾਲੀ ਦਲ ਦਾ ਕੋਈ ਇੱਕ ਵੀ ਨੁਮਾਇੰਦਾ ਨਹੀਂ ਪਹੁੰਚਿਆ, ਜਿਸ ਦਾ ਸਿੱਖ ਸੰਗਤ ਨੇ ਕਾਫ਼ੀ ਬੁਰਾ ਮਨਾਇਆ ਹੈ।
ਉੱਧਰ, ਸ਼੍ਰੋਮਣੀ ਕਮੇਟੀ ਦੇ ਸਟਾਫ਼ ਵੱਲੋਂ ਸ਼ਹੀਦ ਸਿੰਘਾਂ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਅਰਦਾਸ ਸਮਾਗਮ ਦੌਰਾਨ ਮੁੱਖ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਨੇ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਗਿਆਨੀ ਮੇਜਰ ਸਿੰਘ ਨੇ ਅਰਦਾਸ ਉਪਰੰਤ ਵਿਚਾਰਾਂ ਦੀ ਸਾਂਝ ਪਾਉਂਦਿਆਂ ਘੱਲੂਘਾਰਾ ਦਿਵਸ ਅਤੇ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਐੱਸਜੀਪੀਸੀ ਦੇ ਮੈਨੇਜਰ ਭਾਈ ਰਾਜਿੰਦਰ ਸਿੰਘ ਟੌਹੜਾ, ਧਰਮੀ ਫੌਜੀ ਜਗੀਰ ਸਿੰਘ, ਦਪਿੰਦਰ ਸਿੰਘ ਰਾਜਪੁਰਾ ਅਤੇ ਹੋਰ ਮੌਜੂਦ ਸਨ। ਇਸੇ ਦੌਰਾਨ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿੱਚ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ ਤੇ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕੀਤਾ ਗਿਆ। ਪੁਲੀਸ ਵੱਲੋਂ ਗੁਰਦੁਆਰਾ ਅੰਬ ਸਾਹਿਬ ਸਮੇਤ ਹੋਰਨਾਂ ਗੁਰੂ ਘਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਪੰਜਾਬ ਪੁਲੀਸ ਤੇ ਨੀਮ ਫ਼ੌਜੀ ਬਲਾਂ ਦੇ ਵੱਡੀ ਗਿਣਤੀ ਜਵਾਨ ਤਾਇਨਾਤ ਰਹੇ।
ਥਾਂ-ਥਾਂ ਤਾਇਨਾਤ ਰਹੀ ਪੁਲੀਸ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਸਾਕਾ ਨੀਲਾ ਤਾਰਾ ਦੀ 38ਵੀਂ ਬਰਸੀ ਅਤੇ ਸਿੱਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਦਿੱਤੀ ਗਈ ਧਮਕੀ ਦੇ ਮੱਦੇਨਜ਼ਰ ਅੰਬਾਲਾ ਪੁਲੀਸ ਦੀ ਨਜ਼ਰ ਚੱਪੇ-ਚੱਪੇ ’ਤੇ ਰਹੀ। ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਜੀਆਰਪੀ ਅਤੇ ਆਰਪੀਐਫ ਦੇ ਮੁਲਾਜ਼ਮ ਚੌਕਸੀ ਵਰਤਦਿਆਂ ਚੈਕਿੰਗ ਕਰਨ ਦੇ ਨਾਲ ਯਾਤਰੀਆਂ ਤੋਂ ਪੁੱਛਗਿਛ ਵੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਗੁਰਪਤਵੰਤ ਸਿੰਘ ਪੰਨੂੰ ਨੇ 2 ਜੂਨ ਨੂੰ ਅੰਬਾਲਾ ਸ਼ਹਿਰ ਤੋਂ ਸ਼ੰਭੂ ਬਾਰਡਰ ਤੱਕ ਰੇਲ ਪਟੜੀਆਂ ਉਖਾੜਨ, 3 ਜੂਨ ਨੂੰ ਅੰਬਾਲਾ ਵਿੱਚ ਗੱਡੀਆਂ ਰੋਕਣ ਅਤੇ ਪੰਜਾਬੀ ਗਾਇਕਾਂ ਨੂੰ ਖ਼ਾਲਿਸਤਾਨ ਦੇ ਸਮਰਥਨ ਵਿੱਚ ਖੜ੍ਹੇ ਹੋਣ ਸਬੰਧੀ ਭੜਕਾਊ ਬਿਆਨ ਜਾਰੀ ਕੀਤਾ ਸੀ।