ਮੁਕੇਸ਼ ਕੁਮਾਰ
ਚੰਡੀਗੜ੍ਹ, 3 ਜੁਲਾਈ
ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਕੂੜੇ ਦੇ ਨਿਪਟਾਰੇ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਨੇ ‘ਮਿਸ਼ਨ ਕਲੀਨ ਚੰਡੀਗੜ੍ਹ’ ਤਹਿਤ ‘ਹਰ ਰੋਜ਼ ਚਾਰ ਡਸਟਬਿਨ’ ਨਾਂ ਤੋਂ ਇੱਕ ਨਵੀਂ ਪਹਿਲ ਕੀਤੀ ਹੈ। ਨਿਗਮ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼, 2016 ਤਹਿਤ, ਸ਼ਹਿਰ ਦੇ ਸਾਰੇ ਘਰਾਂ ਨੂੰ ਸਰੋਤ ਪੱਧਰ ਤੋਂ ਕੂੜਾ ਚਾਰ ਹਿੱਸਿਆਂ ਵਿੱਚ ਵੱਖਰਾ ਕਰਨਾ ਹੋਵੇਗਾ। ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਕੂੜੇ ਨੂੰ ਵੱਖ ਨਾ ਕਰਨ ਦੀ ਸੂਰਤ ਵਿੱਚ ਉਲੰਘਣਾ ਕਰਨ ਵਾਲੇ ’ਤੇ ਜੁਰਮਾਨਾ ਵੀ ਲਗਾਇਆ ਜਾਵੇਗਾ।
ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਹੈ ਕਿ ਸ਼ਹਿਰ ਵਾਸੀਆਂ ਨੂੰ ਕੂੜੇ ਨੂੰ ਸਰੋਤ ਪੱਧਰ ’ਤੇ ਹੀ ਚਾਰ ਹਿੱਸਿਆਂ ਵਿੱਚ ਵੱਖ ਕਰਨ ਲਈ ਚਾਰ ਤਰ੍ਹਾਂ ਦੀਆਂ ਬਾਲਟੀਆਂ ਲਗਾਉਣੀਆਂ ਪੈਣਗੀਆਂ। ਸੁੱਕਾ ਕੂੜਾ, ਗਿੱਲਾ ਕੂੜਾ, ਜ਼ਹਿਰੀਲਾ ਕੂੜਾ ਅਤੇ ਸੈਨੇਟਰੀ ਵੇਸਟ ਨੂੰ ਚਾਰ ਹਿੱਸਿਆਂ ਵਿੱਚ ਵੱਖ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁੱਕੇ ਕੂੜੇ ਵਿੱਚ ਕਾਗ਼ਜ਼, ਪਲਾਸਟਿਕ, ਲੱਕੜ, ਕੱਪੜਾ, ਥਰਮੋਕੋਲ, ਧਾਤ ਅਤੇ ਰਬੜ ਆਦਿ ਸ਼ਾਮਲ ਹਨ। ਸੈਨੇਟਰੀ ਵੇਸਟ ਵਿੱਚ ਸੈਨੇਟਰੀ ਨੈਪਕਿਨ, ਡਿਸਪੋਜ਼ੇਬਲ ਡਾਇਪਰ, ਪੱਟੀਆਂ ਅਤੇ ਖੂਨ ਦੇ ਸੰਪਰਕ ਵਿੱਚ ਆਉਣ ਵਾਲੀ ਸਮੱਗਰੀ ਸ਼ਾਮਲ ਹੈ। ਗਿੱਲੇ ਕੂੜੇ ਵਿੱਚ ਰਸੋਈ ਦੀ ਰਹਿੰਦ-ਖੂਹੰਦ ਜਿਵੇਂ ਕਿ ਪਕਾਇਆ ਹੋਇਆ ਭੋਜਨ, ਕੱਚਾ ਭੋਜਨ, ਸਬਜ਼ੀਆਂ ਅਤੇ ਫਲ, ਚਾਹ ਪੱਤੀ ਆਦਿ ਸ਼ਾਮਲ ਹੈ।
ਇਸੇ ਤਰ੍ਹਾਂ ਜ਼ਹਿਰੀਲੇ ਕੂੜੇ ਵਿੱਚ ਪੇਂਟ, ਕਾਸਮੈਟਿਕਸ ਸਾਮਾਨ, ਦਵਾਈਆਂ, ਥਰਮਾਮੀਟਰ, ਸਰਿੰਜਾਂ, ਬੈਟਰੀਆਂ, ਟਿਊਬ ਲਾਈਟਾਂ, ਬਲਬ, ਪਲੱਗ, ਤਾਰਾਂ, ਬਿਜਲੀ ਆਦਿ ਸ਼ਾਮਲ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨ ਲਈ ਨਗਰ ਨਿਗਮ ਵੱਲੋਂ ਸ਼ਹਿਰ ਭਰ ਵਿੱਚ ਜਾਗਰੂਕਤਾ ਪੋਸਟਰ ਤੇ ਬੋਰਡ ਲਗਾਏ ਜਾ ਰਹੇ ਹਨ।
ਨਿਗਮ ਨੇ ਜੁਰਮਾਨੇ ਦੀਆਂ ਦਰਾਂ ਤੈਅ ਕੀਤੀਆਂ
ਨਿਗਮ ਦੇ ਆਦੇਸ਼ਾਂ ਅਨੁਸਾਰ ਕੂੜੇ ਨੂੰ ਵੱਖੋ ਵੱਖਰਾ ਨਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਜੁਰਮਾਨਾ ਵੀ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗਿੱਲੇ, ਸੁੱਕੇ ਅਤੇ ਜ਼ਹਿਰੀਲੇ ਕੂੜੇ ਨੂੰ ਵੱਖ ਨਾ ਕਰਨ ਲਈ ਰਿਹਾਇਸ਼ੀ ਘਰਾਂ ਲਈ 232 ਰੁਪਏ, 5000 ਵਰਗ ਫੁੱਟ ਤੋਂ ਘੱਟ ਦੇ ਮੈਰਿਜ/ਪਾਰਟ/ਫੈਸਟੀਵਲ ਹਾਲ, ਪ੍ਰਦਰਸ਼ਨੀ ਹਾਲ, ਕਲੱਬ, ਸਿਨੇਮਾ ਹਾਲ, ਕਮਿਊਨਿਟੀ ਹਾਲ, ਮਲਟੀਪਰਪਜ਼ ਹਾਲ ਆਦਿ ਨੂੰ 1,158 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸੇ ਤਰ੍ਹਾਂ ਸੈਨੀਟੇਸ਼ਨ ਨਾਲ ਸਬੰਧਤ ਰਹਿੰਦ-ਖੂੰਹਦ ਨੂੰ ਵੱਖ ਨਾ ਕਰਨ ਲਈ ਰਿਹਾਇਸ਼ੀ ਖੇਤਰ ਵਿੱਚ 232 ਰੁਪਏ, ਗੈਰ-ਰਿਹਾਇਸ਼ੀ ਖੇਤਰ ਵਿੱਚ 579 ਰੁਪਏ, ਖੁੱਲ੍ਹੇ ਵਿੱਚ ਠੋਸ ਰਹਿੰਦ-ਖੂੰਹਦ ਨੂੰ ਸਾੜਨ, ਖੁੱਲ੍ਹੇ ਵਿੱਚ ਸੁੱਟਣ ਵਾਲੇ ਨੂੰ 5,789 ਰੁਪਏ ਅਤੇ ਗੰਦਗੀ ਫੈਲਾਉਣ ਵਾਲੇ ਨੂੰ 11,576 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।