ਪੱਤਰ ਪ੍ਰੇਰਕ
ਕੁਰਾਲੀ, 23 ਦਸੰਬਰ
ਪੰਥਕ ਸਖਸ਼ੀਅਤ ਸੰਤ ਅਜੀਤ ਸਿੰਘ ਪਰਿਵਾਰ ਵਿਛੋੜੇ ਵਾਲਿਆਂ ਦਾ ਅੰਤਿਮ ਸੰਸਕਾਰ ਅੱਜ ਕੁਰਾਲੀ ਨੇੜਲੇ ਪਿੰਡ ਨਿਹੋਲਕਾ ਵਿਖੇ ਕੀਤਾ ਗਿਆ। ਅਕਾਲੀ ਦਲ ਦੇ ਸਰਪ੍ਰਸਤ ਰਹੇ ਸਾਬਕਾ ਵਿਧਾਇਕ ਸੰਤ ਅਜੀਤ ਸਿੰਘ ਪਰਿਵਾਰ ਵਿਛੜੇ ਵਾਲਿਆਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਭਾਰੀ ਗਿਣਤੀ ਸੰਗਤ, ਧਾਰਮਿਕ ਹਸਤੀਆਂ ਅਤੇ ਸਿਆਸੀ ਆਗੂ ਉਨ੍ਹਾਂ ਦੇ ਜੱਦੀ ਪਿੰਡ ਨਿਹੋਲਕਾ ਵਿਖੇ ਪੁੱਜੇ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਸਕਾਰ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਸੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਕਾਂਗਰਸੀ ਆਗੂ ਤੇ ਗਊ ਰੱਖਿਆ ਕਮਿਸ਼ਨ ਪੰਜਾਬ ਦੇ ਵਾਈਸ ਚੇਅਰਮੈਨ ਕਮਲਜੀਤ ਸਿੰਘ ਚਾਵਲਾ, ਵਿਧਾਇਕ ਅਮਰਜੀਤ ਸਿੰਘ ਸੰਦੋਆ, ਅਕਾਲੀ ਦਲ 1920 ਦੇ ਆਗੂ ਹਰਬੰਸ ਸਿੰਘ ਕੰਧੋਲਾ ਤੇ ਅਰਵਿੰਦਰ ਸਿੰਘ ਪੈਂਟਾ ਆਦਿ ਨੇ ਸ਼ਰਧਾਂਜਲੀ ਦਿੱਤੀ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਸ਼ੋਕ ਸੰਦੇਸ਼ ਭੇਜਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਨਰਲ ਸਕਤਰ ਕਰਨੈਲ ਸਿੰਘ ਪੰਜੌਲੀ ਵੀ ਮੌਜੂਦ ਸਨ।