ਮੁਕੇਸ਼ ਕੁਮਾਰ
ਚੰਡੀਗੜ੍ਹ, 10 ਅਕਤੂਬਰ
ਚੰਡੀਗੜ੍ਹ ਦੇ ਮਲੋਆ ਸਥਿਤ ਗੁਰਸਾਗਰ ਕਲੋਨੀ ਵਿੱਚ ਅੱਜ ਦੁਪਹਿਰ ਵੇਲੇ ਇੱਕ ਝੁੱਗੀ ਵਿੱਚ ਰਸੋਈ ਗੈਸ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਇਸ ਕਾਰਨ ਚਾਰ ਝੁੱਗੀਆਂ ਅੱਗ ਦੀ ਲਪੇਟ ਵਿੱਚ ਆ ਗਈਆਂ ਅਤੇ ਉਨ੍ਹਾਂ ਵਿੱਚ ਰੱਖੇ ਗੈਸ ਸਿਲੰਡਰ ਵੀ ਫਟ ਗਏ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਵਾਲੀ ਥਾਂ ’ਤੇ ਲੋਕ ਇਕੱਠੇ ਹੋ ਗਏ ਤੇ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ। ਇਸ ਮਗਰੋਂ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪੁੱਜੀਆਂ। ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਲਗਪਗ 2 ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ।
ਸੈਕਟਰ-38 ਫਾਇਰ ਸਟੇਸ਼ਨ ਦੇ ਅਧਿਕਾਰੀ ਜਸਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਪੌਣੇ ਬਾਰਾਂ ਵਜੇ ਮਲੋਆ ਦੀ ਗੁਰਸਾਗਰ ਕਲੋਨੀ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਸੈਕਟਰ-38 ਫਾਇਰ ਸਟੇਸ਼ਨ ਤੋਂ ਦੋ, ਸੈਕਟਰ-11 ਤੇ ਸੈਕਟਰ-17 ਤੋਂ ਇੱਕ-ਇੱਕ ਅੱਗ ਬੁਝਾਊ ਗੱਡੀ ਭੇਜੀ ਗਈ। ਪੁਲੀਸ ਅਨੁਸਾਰ ਗੁਰਸਾਗਰ ਕਲੋਨੀ ਵਿੱਚ ਮਹਿਲਾ ਆਪਣੀ ਝੁੱਗੀ ਵਿੱਚ ਖਾਣਾ ਬਣਾ ਰਹੀ ਸੀ ਤੇ ਗੈਸ ਸਿਲੰਡਰ ਵਿੱਚ ਧਮਾਕਾ ਹੋ ਗਿਆ। ਝੁੱਗੀਆਂ ਵਿੱਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪੁਲੀਸ ਅੱਗ ਲੱਗਣ ਦੀ ਘਟਨਾ ਬਾਰੇ ਜਾਂਚ ਕਰ ਰਹੀ ਹੈ। ਇਸੇ ਦੌਰਾਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਸਹਾਇਤਾ ਦਾ ਭਰੋਸਾ ਦਿੱਤਾ।