ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਜੁਲਾਈ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਅੰਤਰਰਾਜੀ ਲਗਜ਼ਰੀ ਕਾਰ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ 21 ਕਾਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਅੱਜ ਇੱਥੇ ਐੱਸਐੱਸਪੀ ਸਤਿੰਦਰ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐੱਸਪੀ (ਡੀ) ਗੁਰਚਰਨ ਸਿੰਘ ਦੀ ਅਗਵਾਈ ਹੇਠ ਗਰੋਹ ਦੇ ਮੁਖੀ ਰਾਮਜੀਤ ਸਿੰਘ ਉਰਫ਼ ਰਾਮ ਸਮੇਤ ਬਾਕੀ ਸਾਥੀਆਂ ਚੰਨਪ੍ਰੀਤ ਸਿੰਘ ਉਰਫ਼ ਚੰਨੀ ਦੋਵੇਂ ਵਾਸੀ ਨਵੀਂ ਦਿੱਲੀ, ਗਿਰੀਸ਼ ਬੈਂਬੀ ਉਰਫ਼ ਗੈਰੀ ਵਾਸੀ ਭਿੱਖੀਵਿੰਡ (ਤਰਨਤਾਰਨ) ਅਤੇ ਮਨਿੰਦਰ ਸਿੰਘ ਵਾਸੀ ਪਿੰਡ ਕਲਸ (ਤਰਨ ਤਾਰਨ) ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਕੇਸ ਦਰਜ ਕਰਕੇ ਸਾਈਬਰ ਅਪਰੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਸਿੱਧੂ ਅਤੇ ਇੰਸਪੈਕਟਰ ਗੁਰਮੇਲ ਸਿੰਘ ਦੀ ਟੀਮ ਨੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ ਚੋਰੀ ਕੀਤੀ ਬਰੇਜ਼ਾ ਗੱਡੀ ਅਤੇ 32 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। ਤਫ਼ਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਗਰੋਹ ਦੇ ਮੁਖੀ ਰਾਮਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਸੂਬਿਆਂ ਵਿੱਚ ਪਰਚੇ ਦਰਜ ਹਨ। ਉਹ ਸਾਲ 2012 ਤੋਂ ਭਗੌੜਾ ਹੈ। ਚੰਨਪ੍ਰੀਤ ਸਿੰਘ ਖ਼ਿਲਾਫ਼ ਕਈ ਕੇਸ ਦਰਜ ਹਨ ਤੇ ਜ਼ਮਾਨਤ ਮਗਰੋਂ ਉਹ ਭਗੌੜਾ ਚੱਲ ਰਿਹਾ ਹੈ। ਪੁੱਛਗਿੱਛ ਵਿੱਚ ਪਤਾ ਲੱਗਾ ਕਿ ਉਹ ਉੱਚ ਤਕਨੀਕੀ ਯੰਤਰਾਂ ਦਾ ਇਸਤੇਮਾਲ ਕਰਕੇ ਗੱਡੀ ਖੋਲ੍ਹਦੇ ਸਨ। ਮਨਿੰਦਰ ਸਿੰਘ ਅਤੇ ਗਿਰੀਸ਼ ਬੈਂਬੀ ਦੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਰਾਮਜੀਤ ਸਿੰਘ ਪਹਿਲਾਂ ਹੀ ਚੋਰੀ ਕੀਤੀਆਂ ਗੱਡੀਆਂ ਦੀ ਡੀਲ ਮਨਿੰਦਰ ਸਿੰਘ ਨਾਲ ਕਰ ਲੈਂਦਾ ਸੀ ਜਿਨ੍ਹਾਂ ਨੂੰ ਅੰਮ੍ਰਿਤਸਰ ਅਤੇ ਤਰਨਤਾਰਨ ਇਲਾਕੇ ਵਿੱਚ ਖੜ੍ਹੀ ਕਰਵਾ ਦਿੰਦਾ ਸੀ। ਉੱਥੋਂ ਮਨਿੰਦਰ ਸਿੰਘ ਗੱਡੀਆਂ ਲਿਜਾ ਕੇ ਜਾਅਲੀ ਦਸਤਾਵੇਜ਼ਾਂ ਰਾਹੀਂ ਗਿਰੀਸ਼ ਬੈਂਬੀ ਨੂੰ ਵੇਚ ਦਿੰਦਾ ਸੀ। ਮਨਿੰਦਰ ਸਿੰਘ ਕਈ ਕੇਸਾਂ ਵਿੱਚ ਭਗੌੜਾ ਚੱਲਦਾ ਆ ਰਿਹਾ ਹੈ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਰੋਹ ਨੇ ਕਰੀਬ 100 ਲਗਜ਼ਰੀ ਕਾਰਾਂ ਚੋਰੀ ਕੀਤੀਆਂ ਹਨ। ਮੁੱਢਲੀ ਤਫ਼ਤੀਸ਼ ਦੌਰਾਨ 16 ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।