ਪੱਤਰ ਪ੍ਰੇਰਕ
ਬਨੂੜ, 25 ਮਈ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਸ ਖੇਤਰ ਦੇ ਪਿੰਡ ਮੋਟੇਮਾਜਰਾ, ਤੰਗੌਰੀ, ਮਾਣਕਪੁਰ ਕੱਲਰ ਅਤੇ ਗੁਡਾਣਾ ਵਿੱਚ ਪੰਚਾਇਤ ਘਰਾਂ ਦੇ ਨੀਂਹ ਪੱਥਰ ਰੱਖੇ। ਚਾਰੇ ਪਿੰਡਾਂ ਦੇ ਪੰਚਾਇਤ ਘਰਾਂ ਦੀ ਉਸਾਰੀ ਤੇ ਸਵਾ ਕਰੋੜ ਦੀ ਲਾਗਤ ਆਵੇਗੀ। ਉਪੋਰਕਤ ਪਿੰਡਾਂ ਵਿੱਚ ਨੀਂਹ ਪੱਥਰ ਰੱਖਣ ਉਪਰੰਤ ਸ੍ਰੀ ਸਿੱਧੂ ਨੇ ਆਖਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਟੇਡੀਅਮ, ਕਮਿਊਨਿਟੀ ਸੈਂਟਰ, ਧਰਮਸਾਲਾਵਾਂ, ਸ਼ਮਸ਼ਾਨਘਾਟ, ਗੰਦੇ ਪਾਣੀ ਦੀ ਨਿਕਾਸੀ, ਸਮਾਰਟ ਸਕੂਲ, ਗਲੀਆਂ ਨਾਲੀਆਂ ਪੱਕੀਆਂ ਕਰਨ, ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ, ਸਿਹਤ ਕੇਂਦਰਾਂ ਨੂੰ ਮਜ਼ਬੂਤ ਕਰਨ, ਪਿੰਡਾਂ ਵਿੱਚ ਪਾਰਕ ਬਣਾਉਣ ਤੇ ਸਟਰੀਟ ਲਾਈਟਾਂ ਲਗਵਾਉਣ ਆਦਿ ਦੇ ਕੰਮ ਜੰਗੀ ਪੱਧਰ ਉੱਤੇ ਜਾਰੀ ਹਨ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਕੋਈ ਵੀ ਲੱਛਣ ਨਜ਼ਰ ਆਉਣ ਤੇ ਕੋਵਿਡ ਟੈਸਟ ਕਰਾਉਣ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ ਚੰਦ ਸ਼ਰਮਾ ਮੱਛਲੀ ਕਲਾਂ, ਬਲਾਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਠੇਕੇਦਾਰ ਮੋਹਣ ਸਿੰਘ ਬਠਲਾਣਾ, ਕਰਮ ਸਿੰਘ ਸਰਪੰਚ ਮਾਣਕਪੁਰ ਕੱਲਰ, ਹਰਿੰਦਰ ਸਿੰਘ ਜੌਨੀ ਆਦਿ ਹਾਜ਼ਰ ਸਨ।
ਮੁਹਾਲੀ ਨਗਰ ਨਿਗਮ ਨੂੰ ਸੌਂਪੀ ਨਵੀਂ ਐਂਬੂਲੈਂਸ ਕਮ ਫਿਊਨਰਲ ਵੈਨ
ਐਸ.ਏ.ਐਸ. ਨਗਰ (ਮੁਹਾਲੀ): ਇਥੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਨਗਰ ਨਿਗਮ ਨੂੰ ਨਵੀਂ ਐਂਬੂਲੈਂਸ ਕਮ ਫਿਊਨਰਲ ਵੈਨ ਸੌਂਪੀ ਗਈ। ਮੁਹਾਲੀ ਦੇ ਸਨਅਤਕਾਰਾਂ ਦੀ ਸਮਾਜ ਸੇਵੀ ਸੰਸਥਾ ‘ਪਰਿਵਰਤਨ’ ਨੇ ਇਹ ਵੈਨ ਖ਼ਰੀਦ ਕੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਸੰਸਥਾ ਇਕ ਸਕੂਲ ਵਿੱਚ ਬੁਨਿਆਦੀ ਢਾਂਚੇ ਦਾ ਸੁਧਾਰ ਕਰ ਚੁੱਕੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਕੋਵਿਡ ਮਹਾਮਾਰੀ ਵਿੱਚ ਹਰੇਕ ਉਹ ਵਿਅਕਤੀ ਜਾਂ ਸੰਸਥਾ ਵਧਾਈ ਦਾ ਪਾਤਰ ਹੈ ਜੋ ਆਪਣੇ ਪੱਧਰ ’ਤੇ ਲੋੜਵੰਦਾਂ ਦੀ ਮਦਦ ਲਈ ਕੋਈ ਵੀ ਉਪਰਾਲਾ ਕਰ ਰਿਹਾ ਹੈ। -ਪੱਤਰ ਪ੍ਰੇਰਕ