ਸਰਬਜੀਤ ਸਿੰਘ ਭੱਟੀ
ਲਾਲੜੂ, 30 ਅਗਸਤ
ਅੰਬਾਲਾ ਤੋਂ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਹੁਣ ਨੈਸ਼ਨਲ ਹਾਈਵੇ-22 ’ਤੇ ਸਫਰ ਕਰਨਾ ਮਹਿੰਗਾ ਹੋ ਜਾਵੇਗਾ ਕਿਉਂਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਦੱਪਰ ਸਥਿਤ ਟੌਲ ਪਲਾਜ਼ਾ ’ਤੇ ਟੌਲ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ, ਜੋ ਕਿ 1 ਸਤੰਬਰ ਤੋਂ ਲਾਗੂ ਹੋ ਜਾਵੇਗਾ।
ਟੌਲ ਪਲਾਜ਼ਾ ਦੇ ਅਧਿਕਾਰੀ ਦੀਪਕ ਅਰੋੜਾ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਲੋਂ ਦੱਪਰ ਟੌਲ ਪਲਾਜ਼ਾ ’ਤੇ ਵਧਾਈਆਂ ਦਰਾਂ 31 ਅਗਸਤ ਰਾਤ 12 ਵਜੇ ਤੋਂ ਬਾਅਦ ਲਾਗੂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਾਰ, ਜੀਪ, ਵੈਨ ਦੇ ਇਕ ਪਾਸੇ ਜਾਣ ’ਤੇ ਟੌਲ ਦਰ ਵਿੱਚ 5 ਰੁਪਏ, ਅਪਡਾਉੂਨ ਲਈ 10 ਰੁਪਏ, ਮਹੀਨਾ ਵਾਰ ਪਾਸ ਵਿੱਚ 160 ਰੁਪਏ ਦਾ ਵਾਧਾ ਕੀਤਾ ਹੈ। ਇਸੇ ਤਰ੍ਹਾਂ ਲਾਈਟ ਵਹੀਕਲ, ਮਿੰਨੀ ਬੱਸਾਂ ਦੇ ਇਕ ਪਾਸੇ ਜਾਣ ਤੇ 10 ਰੁਪਏ, ਅਪਡਾਉੂਨ ਲਈ 15 ਰੁਪਏ ਅਤੇ ਮਹੀਨਾਵਾਰ ਪਾਸ ਵਿੱਚ 280 ਰੁਪਏ ਦਾ ਵਾਧਾ ਕੀਤਾ ਗਿਆ ਹੈ। ਜਦ ਕਿ ਬੱਸ, ਟਰੱਕ ਲਈ ਇਕ ਤਰਫਾ 20 ਰੁਪਏ, ਅਪਡਾਉੂਨ ਦੇ ਲਈ 25 ਰੁਪਏ ਅਤੇ ਮਹੀਨਾਵਾਰ ਪਾਸ ਲਈ 550 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਲਟੀਵਹੀਕਲ, ਟੂਐਕਸਲ ਦੀ ਦਰਾਂ ਵਿੱਚ ਇਕ ਪਾਸੇ ਦੇ ਲਈ 30 ਰੁਪਏ, ਆਉਣ ਜਾਣ ਲਈ 45 ਰੁਪਏ ਤੇ ਮਹੀਨਾਵਾਰ ਪਾਸ ਲਈ 890 ਰੁਪਏ ਦਾ ਵਾਧਾ ਕੀਤਾ ਹੈ।