ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 3 ਅਪਰੈਲ
ਪੰਜਾਬ ਦੇ ਨਵ-ਨਿਯੁਕਤ ਐਨਫੋਰਸਮੈਂਟ ਡਾਇਰੈਕਟਰ (ਖਣਨ) ਆਰ.ਐਨ. ਢੋਕੇ ਨੇ ਅੱਜ ਜ਼ਿਲ੍ਹਾ ਮੁਹਾਲੀ ਵਿੱਚ ਖਣਨ ਕਾਰਜਾਂ ਦੇ ਕੰਟਰੋਲ ਅਤੇ ਪ੍ਰਬੰਧਨ ਨਾਲ ਸਬੰਧਤ ਜ਼ਿਲ੍ਹਾ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ।
ਮੀਟਿੰਗ ਵਿੱਚ ਮੁਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ, ਐੱਸਪੀ (ਦਿਹਾਤੀ) ਡਾ. ਰਵਜੋਤ ਗਰੇਵਾਲ ਅਤੇ ਐਕਸੀਅਨ-ਕਮ-ਜ਼ਿਲ੍ਹਾ ਖਣਨ ਅਫ਼ਸਰ ਰੁਪਿੰਦਰ ਸਿੰਘ ਪਾਬਲਾ ਤੋਂ ਇਲਾਵਾ ਖਣਨ ਖੇਤਰਾਂ ਨਾਲ ਸਬੰਧਤ ਸਰਕਲ ਡੀਐੱਸਪੀ ਅਤੇ ਐੱਸਐੱਚਓਜ਼ ਵੀ ਮੌਜੂਦ ਰਹੇ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੇ ਮੁਹਾਲੀ ਜ਼ਿਲ੍ਹੇ ਵਿੱਚ ਖਣਨ ਕਾਰਜਾਂ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ।
ਇਸ ਮੌਕੇ ਖਣਨ ਸਬੰਧੀ ਵੱਖ-ਵੱਖ ਮੁੱਦੇ ਜਿਨ੍ਹਾਂ ’ਚ ਜ਼ਿਲ੍ਹੇ ਭਰ ਵਿੱਚ ਅੰਤਰਰਾਜੀ ਖਣਨ ਕਾਰਜਾਂ ਨੂੰ ਚਲਾਉਣ ਅਤੇ ਉਨ੍ਹਾਂ ਨੂੰ ਸੁਚਾਰੂ ਬਣਾਉਣ ਦੇ ਢੰਗ, ਡੀਸਿਲਟਿੰਗ ਅਪਰੇਸ਼ਨਾਂ ਨੂੰ ਲਾਗੂ ਕਰਨ ਦੇ ਤਰੀਕੇ, ਨੋਟੀਫਾਈਡ ਖਣਨ, ਡੀਸਿਲਟਿੰਗ ਅਤੇ ਰੇਤ/ਬੱਜਰੀ ਕਰੱਸ਼ਰ ਖੇਤਰਾਂ ਵਿੱਚ ਡਿਸਪਲੇਅ ਬੋਰਡਾਂ ਦੀ ਵਰਤੋਂ ਅਤੇ ਖਣਨ ਦੇ ਸਮੇਂ ਅਤੇ ਨਿਯਮ ਸ਼ਾਮਲ ਹਨ, ਬਾਰੇ ਚਰਚਾ ਕੀਤੀ ਗਈ।
ਸ੍ਰੀ ਆਰਐੱਨ ਢੋਕੇ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਖਣਨ ਨਾਲ ਜੁੜੇ ਸਾਰੇ ਕੰਮ ਕਾਨੂੰਨ ਅਨੁਸਾਰ ਪਹਿਲਾਂ ਤੋਂ ਨਿਰਧਾਰਿਤ ਨਿਯਮਾਂ ਅਨੁਸਾਰ ਹੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖਣਨ ਸਬੰਧੀ ਕਿਸੇ ਵੀ ਸ਼ਿਕਾਇਤ ਦਾ ਨਿਰਧਾਰਿਤ ਵਿਧੀ ਅਨੁਸਾਰ ਫੌਰੀ ਨਿਪਟਾਰਾ ਕੀਤਾ ਜਾਵੇ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ।