ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 24 ਅਗਸਤ
ਪੀਐੱਸਪੀਸੀਐੱਲ ਮੈਨੇਜਮੈਂਟ ਵੱਲੋਂ ਜ਼ਿਲ੍ਹਾ ਮੁਹਾਲੀ ਵਿੱਚ ਬਿਜਲੀ ਚੋਰੀ ਰੋਕਣ ਲਈ ਵਿਸ਼ੇਸ਼ ਮੁਹਿੰਮ ਉਲੀਕੀ ਗਈ ਹੈ। ਇਸ ਮੁਹਿੰਮ ਲਈ ਨਿਗਰਾਨ ਇੰਜਨੀਅਰ (ਵੰਡ ਹਲਕਾ ਮੁਹਾਲੀ) ਮੋਹਿਤ ਸੂਦ ਵੱਲੋਂ ਐਕਸੀਅਨ ਇੰਦਰਪ੍ਰੀਤ ਸਿੰਘ ਡੇਰਾਬੱਸੀ ਦੀ ਅਗਵਾਈ ਹੇਠ 26 ਜਾਂਚ ਟੀਮਾਂ ਬਣਾਈ ਗਈਆਂ ਹਨ। ਇਨ੍ਹਾਂ ਟੀਮਾਂ ਵੱਲੋਂ ਅੱਜ ਸਵੇਰ ਚਾਰ ਵਜੇ ਪਿੰਡ ਲਾਲੜੂ, ਪਿੰਡ ਪੰਡਵਾਲਾ, ਖੇੜੀ ਸੁੰਡਰਾ, ਸਮਗੋਲੀ, ਰਾਮਪੁਰ ਬਹਲ, ਖੇੜੀ ਜੱਟਾਂ ਵਿੱਚ ਛਾਪੇ ਮਾਰੇ ਗਏ। ਇਸ ਦੌਰਾਨ ਵਿਭਾਗ ਦੀ ਟੀਮ ਵੱਲੋਂ ਚੋਰੀ ਦੇ 45 ਕੇਸ ਫੜੇ ਗਏ ਹਨ ਜਿਨ੍ਹਾਂ ਨੂੰ ਪਾਵਰਕੌਮ ਵੱਲੋਂ 21 ਲੱਖ 91 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਨਿਗਰਾਨ ਇੰਜਨੀਅਰ ਮੋਹਿਤ ਸੂਦ ਨੇ ਦੱਸਿਆ ਕਿ ਅੱਜ ਫੜੇ ਗਏ ਚੋਰੀ ਦੇ ਮਾਮਲਿਆਂ ਵਿੱਚ 30 ਬਿਜਲੀ ਚੋਰੀ ਕਰਦੇ ਖਪਤਕਾਰ, 9 ਖਪਤਕਾਰ ਰਿਹਾਇਸ਼ੀ ਕੁਨੈਕਸ਼ਨ ਲੈ ਕੇ ਕਮਰਸ਼ੀਅਲ ਵਰਤੋਂ ਅਤੇ 6 ਮਨਜ਼ੂਰ ਲੋਡ ਤੋਂ ਵਾਧੂ ਵਰਤੋਂ ਕਰਦੇ ਫੜੇ ਗਏ ਹਨ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਖ਼ਿਲਾਫ਼ ਇਲੈਕਟ੍ਰੀਸਿਟੀ ਐਕਟ 2003 ਦੇ ਸੈਕਸ਼ਨ 135 ਅਤੇ 126 ਤਹਿਤ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ ਰੋਕਣ ਲਈ ਜ਼ਿਲ੍ਹਾ ਮੁਹਾਲੀ ਇਹ ਮੁਹਿੰਮ ਜਾਰੀ ਰੱਖੀ ਜਾਏਗੀ। ਉਨ੍ਹਾਂ ਦੱਸਿਆ ਕਿ ਹੁਣ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਵਿੱਚ ਇਸੇ ਤਰ੍ਹਾਂ ਦੇ ਛਾਪੇ ਮਾਰੇ ਜਾਣਗੇ।