ਖਰੜ (ਸ਼ਸ਼ੀਪਾਲ ਜੈਨ): ਖਰੜ ਸਿਟੀ ਪੁਲੀਸ ਨੇ ਸਤੀਸ਼ ਕੁਮਾਰ ਸੇਠੀ ਨਾਂ ਦੇ ਵਿਅਕਤੀ ਉੱਤੇ ਦਾਤੀ ਨਾਲ ਹਮਲਾ ਕਰਨ ਦੇ ਦੋਸ਼ ਤਹਿਤ ਜਸਵੰਤ ਸਿੰਘ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਬੰਗਾਲਾ ਬਸਤੀ ਦਾ ਸਰਪੰਚ ਸੁਭਾਸ਼ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਸਵੇਰ ਜਦੋਂ ਉਹ ਆਪਣੇ ਪੁਰਾਣੇ ਘਰ ਜਾ ਰਿਹਾ ਸੀ ਅਤੇ ਕੁਹਾੜੀ ਵਾਲੇ ਮੰਦਿਰ ਨਜ਼ਦੀਕ ਪਹੁੰਚਿਆ ਤਾਂ ਵੇਖਿਆ ਕਿ ਸਤੀਸ਼ ਅਤੇ ਜਸਵੰਤ ਵਿੱਚ ਝਗੜਾ ਹੋ ਰਿਹਾ ਸੀ। ਇਸੇ ਦੌਰਾਨ ਜਸਵੰਤ ਨੇ ਸਤੀਸ਼ ਦੇ ਮੂੰਹ ਅਤੇ ਸਿਰ ਉੱਤੇ ਦਾਤੀ ਨਾਲ ਕਥਿਤ ਤੌਰ ’ਤੇ ਕਈ ਵਾਰ ਕੀਤੇ। ਜਸਵੰਤ ਨੇ ਦੱਸਿਆ ਕਿ ਉਸ ਨੇ ਸਤੀਸ਼ ਤੋਂ 3500 ਰੁਪਏ ਲੈਣੇ ਹਨ ਤੇ ਉਹ ਵਾਪਸ ਨਹੀਂ ਕਰ ਰਿਹਾ। ਸਤੀਸ਼ ਨੂੰ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿੱਚ ਦਾਖਲ ਕਰਵਾਇਆ ਗਿਆ ਹੈ। ਐੱਸਐਚਓ ਭਗਵੰਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।