ਮੁਕੇਸ਼ ਕੁਮਾਰ
ਚੰਡੀਗੜ੍ਹ, 27 ਮਾਰਚ
ਚੰਡੀਗੜ੍ਹ ਨਗਰ ਨਿਗਮ ਦਫ਼ਤਰ ਵਿਖੇ ਡੋਰ-ਟੂ-ਡੋਰ ਗਾਰਬੇਜ ਕੁਲੈਕਟਰ ਵੱਲੋਂ ਨਿਗਮ ਦੇ ਮੁੱਖ ਸੈਨਟਰੀ ਇੰਸਪੈਕਟਰ ਨਾਲ ਕੀਤੀ ਕਥਿਤ ਬਦਸਲੂਕੀ ਤੇ ਕੁੱਟਮਾਰ ਕਰਨ ਨੂੰ ਲੈ ਕੇ ਚੰਡੀਗੜ੍ਹ ਪੁਲੀਸ ਨੇ ਅੱਜ ਕੇਸ ਦਰਜ ਕੀਤਾ ਹੈ।
ਜ਼ਿਕਰਯੋਗ ਹੈ ਕਿ ਲੰਘੇ ਦਿਨ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਘਰ ਘਰ ਤੋਂ ਕੂੜਾ ਇਕੱਤਰ ਕਰਨ ਲਈ ਲਗਾਏ ਗਏ ਵਾਹਨਾਂ ਦੇ ਚਾਲਕ ਆਪਣੀਆਂ ਮੰਗਾ ਨੂੰ ਲੈਕੇ ਨਿਗਮ ਕਮਿਸ਼ਨਰ ਨੂੰ ਮਿਲਣ ਆਏ ਸਨ। ਨਿਗਮ ਵਲੋਂ ਨਿਗਮ ਦੇ ਵਾਹਨਾਂ ’ਤੇ ਤੈਨਾਤ ਚਾਲਕਾਂ ਨੂੰ ਘਰਾਂ ਤੋਂ ਕੂੜਾ ਇਕੱਤਰ ਕਰਨ ਲਈ ਮਹੀਨੇਵਾਰ ਫੇਸ ਵਸੂਲਣ ਦਾ ਕਾਰਜ ਵੀ ਸੌਂਪਣ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਵਾਹਨ ਚਾਲਕ ਨਗਰ ਨਿਗਮ ਦੇ ਇਸ ਫੈਸਲੇ ਖ਼ਿਲਾਫ਼ ਨਿਗਮ ਕਮਿਸ਼ਨਰ ਨੂੰ ਮਿਲਣ ਲਈ ਸ਼ੁੱਕਰਵਾਰ ਨੂੰ ਨਿਗਮ ਦਫ਼ਤਰ ਪਹੁੰਚੇ ਸਨ। ਨਿਗਮ ਕਮਿਸ਼ਨਰ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਨੇ ਇਸ ਉਕਤ ਸਮੱਸਿਆ ਬਾਰੇ ਨਿਗਮ ਦੇ ਮੁੱਖ ਸੈਨਟਰੀ ਇੰਸਪੈਕਟਰ ਰਾਕੇਸ਼ ਕੁਮਾਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਨ੍ਹਾਂ ਵਿੱਚ ਸ਼ਾਮਲ ਇੱਕ ਡੋਰ-ਟੂ-ਡੋਰ ਗਾਰਬੇਜ ਕੁਲੈਕਟਰ, ਚੀਫ ਸੈਨਟਰੀ ਇੰਸਪੈਕਟਰ ਰਾਕੇਸ਼ ਕੁਮਾਰ ਨਾਲ ਖਹਬਿੜ ਗਿਆ। ਰਾਕੇਸ਼ ਕੁਮਾਰ ਦੱਸਿਆ ਕਿ ਸੁਰਿੰਦਰ ਕਾਂਗੜ ਨਾਂ ਦੇ ਗਾਰਬੇਜ ਕੁਲੈਕਟਰ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਸੈਕਟਰ 17 ਥਾਣਾ ਪੁਲੀਸ ਨੇ ਗਾਰਬੇਜ ਕੁਲੈਕਟਰ ਸੁਰਿੰਦਰ ਕਾਂਗੜ ਸਹਿਤ ਹੋਰ ਦੇ ਖ਼ਿਲਾਫ਼ ਸਰਕਾਰੀ ਡਿਊਟੀ ’ਚ ਰੁਕਾਵਟ ਪਾਉਣ ਸਮੇਤ ਹੋਰ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।