ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 21 ਜੂਨ
ਸ਼ਿਵਾਲਿਕ ਦੀਆਂ ਪਹਾੜੀਆਂ ਵਿਚਕਾਰ ਵਸੇ ਪੰਜ ਪਿੰਡਾਂ ਜੈਯੰਤੀ ਮਾਜਰੀ, ਗੁੜਾ, ਕਸੌਲੀ, ਕਰੌਂਦਿਆਂ ਵਾਲੀ ਤੇ ਬਗਿੰਡੀ ਦੇ ਕਿਸਾਨ ਅਦਾਲਤ ਤੋਂ ਮਿਲੇ ਸਟੇਅ ਤੋਂ ਖੁਸ਼ ਨਜ਼ਰ ਆ ਰਹੇ ਹਨ। ਅੱਜ ਪਿੰਡ ਜੈਯੰਤੀ ਮਾਜਰੀ ਵਿੱਚ ਆਦਲਤ ਤੋਂ ਮਿਲੇ ਸਟੇਅ ਦੀ ਕਾਪੀ ਪੱਤਰਕਾਰਾਂ ਨੂੰ ਦਿਖਾਉਂਦਿਆਂ ਮੋਹਣ ਲਾਲ ਤੇ ਜੈਕਰਾਮ ਸਮੇਤ ਹੋਰ ਲੋਕਾਂ ਨੇ ਦੱਸਿਆ ਕਿ ਉਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪਿਛਲੇ ਹਫਤੇ ਹੀ ਕੇਸ ਦਾਇਰ ਕੀਤਾ ਸੀ।
ਉਨ੍ਹਾਂ ਕਿਹਾ ਕਿ ਮਾਜਰੀਆਂ ਹਦਬਸਤ 343 ਅਧੀਨ ਪੈਂਦੇ ਪੰਜੇ ਪਿੰਡਾਂ ਵਿੱਚ ਉਨ੍ਹਾਂ ਦੀ ਆਪਣੀ ਜ਼ਮੀਨ ਹੈ ਜੋ ਕਿ ਅੰਗਰੇਜ਼ਾਂ ਦੇ ਵੇਲੇ ਤੋਂ ਮਾਲਕਾਂ ਦੇ ਨਾਂ ਚਲੀ ਆ ਰਹੀ ਹੈ, ਲੋਕਾਂ ਅਨੁਸਾਰ ਇਸ ਜ਼ਮੀਨ ਨੂੰ ਕਮਿਸ਼ਨਰ ਵਿੱਤ ਵਿਭਾਗ ਵੱਲੋਂ ਮਾਲਕਾਂ ਦੇ ਨਾਂ ਤੋਂ 1-6-2022 ਤੋਂ ਤੋੜਨ ਦਾ ਹੁਕਮ ਕੀਤਾ ਸੀ। ਜਿਸ ਕਰਕੇ ਲੋਕਾਂ ਵਿੱਚ ਸਖਤ ਰੋਸ ਪਾਇਆ ਜਾ ਰਿਹਾ ਸੀ।
ਦੱਸਣਯੋਗ ਹੈ ਕਿ ਇਸੇ ਮਾਮਲੇੇ ਸਬੰਧੀ 16 ਜੂਨ ਨੂੰ ਮੁੱਲਾਂਪੁਰ ਗਰੀਬਦਾਸ-ਚੰਡੀਗੜ੍ਹ ਬੈਰੀਅਰ ਚੌਕ ਉਤੇ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਧਰਨਾ ਵੀ ਦਿੱਤਾ ਗਿਆ ਸੀ। ਰੋਸ ਧਰਨੇ ਦੌਰਾਨ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕੋਲੋਂ ਮੰਗ ਕੀਤੀ ਸੀ ਕਿ ਜੋ ਹੁਕਮ ਕਮਿਸ਼ਨਰ ਨੇ ਕੀਤੇ ਹਨ ਉਨਾਂ ਉਤੇ ਮੁੜ ਤੋਂ ਵਿਚਾਰ ਕੀਤਾ ਜਾਵੇ ਤੇ ਜੋ ਮਾਲ ਰਿਕਾਰਡ ਅੰਦਰ ਇੰਤਕਾਲ ਦਰਜ਼ ਕੀਤਾ ਜਾ ਰਿਹਾ ਹੈ ਉਸ’ਤੇ ਤੁਰੰਤ ਰੋਕ ਲਗਾਈ ਜਾਵੇ। ਇਸੇ ਮਾਮਲੇ ਸਬੰਧੀ ਅਜੇ ਮੁੱਖ ਮੰਤਰੀ ਪੰਜਾਬ ਨਾਲ 23 ਜੂਨ ਨੂੰ ਕਿਸਾਨਾਂ ਨੇ ਮੁਲਾਕਾਤ ਕਰਨੀ ਹੀ ਸੀ ਕਿ ਅੱਜ ਹੀ ਕਿਸਾਨਾਂ ਨੂੰ ਅਦਾਲਤ ਤੋਂ ਜ਼ਮੀਨ ਸਬੰਧੀ 18 ਜੁਲਾਈ 2022 ਤੱਕ ਦਾ ਸਟੇਅ ਮਿਲ ਗਿਆ ਹੈ।