ਕਰਮਜੀਤ ਸਿੰਘ ਚਿੱਲਾ
ਬਨੂੜ, 9 ਅਗਸਤ
ਕੇਂਦਰ ਸਰਕਾਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅਤੇ ਸਟੈਂਡਿੰਗ ਕਮੇਟੀ ਨੂੰ ਭੇਜੇ ਗਏ ਬਿਜਲੀ ਸੋਧ ਬਿਲ-2022 ਦੀਆਂ ਅੱਜ ਬਨੂੜ ਬੈਰੀਅਰ ਉੱਤੇ ਕਿਸਾਨ ਜਥੇਬੰਦੀਆਂ ਨੇ ਕਾਪੀਆਂ ਸਾੜੀਆਂ। ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਬਿਲ ਨੂੰ ਤੁਰੰਤ ਵਾਪਿਸ ਲਏ ਜਾਣ ਦੀ ਮੰਗ ਕਰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਕਿਰਪਾਲ ਸਿੰਘ ਸਿਆਊ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਕਰਾਲਾ, ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਸੱਤਾ ਖਲੌਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ, ਹੈਪੀ ਹਸਨਪੁਰ, ਗੁਰਪ੍ਰੀਤ ਸਿੰਘ ਸੇਖਨ ਮਾਜਰਾ, ਅੰਗਰੇਜ਼ ਸਿੰਘ ਸਾਬਕਾ ਫੌਜੀਆਂ ਦੀਆਂ ਜਥੇਬੰਦੀ ਦੇ ਆਗੂ ਪ੍ਰੇਮ ਸਿੰਘ ਬਨੂੜ ਅਤੇ ਵਾਹਿਗੁਰੂ ਸਿੰਘ ਜਲਾਲਪੁਰ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨ ਬਨੂੜ ਬੈਰੀਅਰ ਉੱਤੇ ਇਕੱਤਰ ਹੋਏ। ਉਨ੍ਹਾਂ ਦੋਸ਼ ਲਾਇਆ ਕਿ ਬਿਜਲੀ ਸੋਧ ਬਿਲ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਹ ਰਾਜਾਂ ਦੇ ਅਧਿਕਾਰਾਂ ਵਿੱਚ ਸਿੱਧੀ ਦਖਲਅੰਦਾਜ਼ੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬਿਲ ਮੁਲਾਜ਼ਮਾਂ ਲਈ ਵੀ ਨੁਕਸਾਨਦੇਹ ਹੈ ਅਤੇ ਇਸ ਨਾਲ ਸਬਸਿਡੀਆਂ ਵੀ ਖਤਮ ਹੋ ਜਾਣਗੀਆਂ।
ਬਿਜਲੀ ਸੋਧ ਐਕਟ-2021 ਵਿਰੁੱਧ ਬਿਜਲੀ ਕਾਮਿਆਂ ਵੱਲੋਂ ਰੋਸ ਰੈਲੀ
ਲਾਲੜੂ (ਪੱਤਰ ਪ੍ਰੇਰਕ) ਪਾਵਰਕੌਮ ਦੀ ਮੁਲਾਜ਼ਮ ਜੱਥੇਬੰਦੀ ਟੈਕਨੀਕਲ ਸਰਵੀਸਿਜ਼ ਯੂਨੀਅਨ ਵੱਲੋਂ ਮੰਡਲ ਲਾਲੜੂ ਦੇ ਦਫ਼ਤਰ ਅੱਗੇ ਕੇਂਦਰੀ ਬਿਜਲੀ ਟਰੇਡ ਯੁੂਨੀਅਨਾਂ ਦੇ ਫੈਸਲੇ ਮੁਤਾਬਕ ਜੁਅਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਟੀ.ਐੱਸ.ਯੂ ਮੰਡਲ ਪ੍ਰਧਾਨ ਮਹਿੰਦਰ ਸਿੰਘ ਸੈਣੀ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਲਾਜ਼ਮ ਆਗੂ ਸਵਰਨ ਸਿੰਘ ਮਾਵੀ, ਰਾਜੇਸ਼ ਕੁਮਾਰ ਰਾਣਾ, ਜਸਵਿੰਦਰ ਸਿੰਘ ਸੈਣੀ, ਪਵਨ ਕੁਮਾਰ, ਹਰਮੀਤ ਸਿੰਘ, ਅਜੈਬ ਸਿੰਘ, ਬਚਿੱਤਰ ਸਿੰਘ, ਸੋਨੂੰ ਪੁਰੀ, ਸੁਖਵਿੰਦਰ ਸਿੰਘ, ਹਿਤੇਸ ਗੌੜ, ਵਰਿੰਦਰ ਸੈਣੀ, ਸਿਵ ਰਾਜ ਸ਼ਰਮਾ ਨੇ ਕੇਂਦਰ ਸਰਕਾਰ ਦੀ ਕਰੜੀ ਅਲੋਚਨਾ ਕਰਦੇ ਹੋਏ ਮੰਗ ਕੀਤੀ ਕਿ ਬਿਜਲੀ ਸੋਧ ਐਕਟ 2021 ਲੋਕ ਤੇ ਮੁਲਾਜਮ ਵਿਰੋਧੀ ਹੈ। ਇਸ ਬਿੱਲ ਦੀਆਂ ਕਾਪੀਆਂ ਸਾੜ ਕੇ ਮੁਲਾਜ਼ਮਾਂ ਨੇ ਸਖਤ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਲਾਗੂ ਹੋਣ ਨਾਲ ਮੁਲਾਜ਼ਮਾਂ ਤੇ ਲੋਕਾਂ ਨੂੰ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਵੇਗਾ। ਇਸ ਨਾਲ ਬਿਜਲੀ ਮਹਿੰਗੀ ਹੋਵੇਗੀ ਤੇ ਸਬਸਿਡੀ ਖਤਮ ਹੋਵੇਗੀ, ਨੌਕਰੀ ਦੇ ਸਾਧਨ ਖਤਮ ਹੋਣਗੇ, ਠੇਕੇਦਾਰੀ ਸਿਸਟਮ ਵਿੱਚ ਵਾਧਾ ਹੋਵੇਗਾ ਤੇ ਸਰਮਾਏਦਾਰ ਜਨਤਾ ਦੀ ਲੁੱਟ ਕਰਨਗੇ।