ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 19 ਜਨਵਰੀ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਫੇਜ਼-3ਬੀ2 ਦੇ ਇੱਕ ਇਮੀਗ੍ਰੇਸ਼ਨ ਏਜੰਟ ਦੀ ਰਿਹਾਇਸ਼ ਦੇ ਬਾਹਰ ਰੋਸ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਇਮੀਗਰੇਸ਼ਨ ਏਜੰਟ ’ਤੇ ਪੀੜਤ ਕਿਸਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਕਿਸਾਨਾਂ ਮੱਖਣ ਸਿੰਘ ਪਾਪੜਾ, ਸੁਖਪਾਲ ਸਿੰਘ, ਸੁਖਦੇਵ ਸ਼ਰਮਾ ਭੂਟਾਲ ਖੁਰਦ, ਰਿੰਕੂ ਮੂਣਕ, ਸੁਖਦੇਵ ਕੜੈਲ, ਬੀਰਬਲ ਹਮੀਰਗੜ੍ਹ, ਹਰਪ੍ਰੀਤ ਦੌਣ ਕਲਾਂ, ਅਰਸ਼ਦੀਪ ਪਟਿਆਲਾ, ਬੱਬੂ ਮੂਣਕ, ਜਸਵਿੰਦਰ ਬਿਸ਼ਨਪੁਰਾ ਨੇ ਦੋਸ਼ ਲਾਇਆ ਕਿ ਏਜੰਟ ਨੇ ਗ਼ਰੀਬ ਕਿਸਾਨ ਤੋਂ ਉਸ ਦੇ ਬੇਟੇ ਨੂੰ ਵਿਦੇਸ਼ ਵਿੱਚ ਭੇਜ ਕੇ ਸੈੱਟ ਕਰਨ ਦਾ ਲਾਰਾ ਲਾ ਕੇ ਕਰੀਬ 25 ਲੱਖ ਰੁਪਏ ਵਸੂਲੇ ਪਰ ਨਾ ਉਸ ਦੇ ਬੇਟੇ ਨੂੰ ਵਿਸ਼ੇਸ਼ ਭੇਜਿਆ ਅਤੇ ਨਾ ਉਨ੍ਹਾਂ ਪੈਸੇ ਵਾਪਸ ਕੀਤੇ ਗਏ। ਇਸ ਸਬੰਧੀ ਕਈ ਵਾਰ ਏਜੰਟ ਨਾਲ ਤਾਲਮੇਲ ਕਰਕੇ ਪੈਸੇ ਮੋੜਨ ਦੀ ਮੰਗ ਕੀਤੀ ਗਈ ਅਤੇ ਉਸ ਦੇ ਤਰਲੇ ਮਿੰਨਤਾਂ ਕੀਤੀਆਂ ਗਈਆਂ ਪਰ ਉਸ ਨੇ ਕੋਈ ਆਈ ਗਈ ਨਹੀਂ ਦਿੱਤੀ, ਸਗੋਂ ਹੁਣ ਕਥਿਤ ਤੌਰ ’ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਤੋਂ ਬਾਅਦ ਪੀੜਤ ਕਿਸਾਨ ਦੇ ਪਰਿਵਾਰ ਨੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸੰਪਰਕ ਕਰ ਕੇ ਆਪਣੀ ਹੱਡਬੀਤੀ ਦੱਸੀ। ਕਿਸਾਨ ਯੂਨੀਅਨ ਦੇ ਮੋਹਰੀ ਆਗੂ ਮੁਹਾਲੀ ਪਹੁੰਚ ਗਏ ਅਤੇ ਇਮੀਗ੍ਰੇਸ਼ਨ ਏਜੰਟ ਨਾਲ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦਾ ਯਤਨ ਕੀਤਾ ਪਰ ਜਦੋਂ ਕੋਈ ਗੱਲ ਬਣਦੀ ਨਾ ਦਿਖੀ ਤਾਂ ਕਿਸਾਨ ਏਜੰਟ ਦੀ ਕੋਠੀ ਦੇ ਬਾਹਰ ਮੁੱਖ ਗੇਟ ’ਤੇ ਧਰਨੇ ’ਤੇ ਬੈਠ ਗਏ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਜਾਰੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਮੀਗ੍ਰੇਸ਼ਨ ਏਜੰਟ ਪੀੜਤ ਕਿਸਾਨ ਗੁਰਪ੍ਰੀਤ ਸਿੰਘ ਅਤੇ ਗੁਰਤੇਜ ਸਿੰਘ ਵਾਸੀ ਪਿੰਡ ਘਮੂਰਘਾਟ (ਸੰਗਰੂਰ) ਦੇ ਪੂਰੇ ਪੈਸੇ (25 ਲੱਖ ਰੁਪਏ) ਵਾਪਸ ਨਹੀਂ ਕਰਦਾ, ਉਦੋਂ ਤੱਕ ਉਸ ਦੀ ਕੋਠੀ ਦਾ ਘਿਰਾਓ ਜਾਰੀ ਰਹੇਗਾ।
ਇਸ ਦੌਰਾਨ ਮੁਹਾਲੀ ਪੁਲੀਸ ਵੱਲੋਂ ਡੀਐੱਸਪੀ ਨੇ ਗੱਲੀਂ-ਬਾਤੀਂ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਦਾ ਗੁੱਸਾ ਠੰਢਾ ਨਹੀਂ ਹੋਇਆ। ਕਿਸਾਨ ਇੱਕੋ ਜ਼ਿੱਦ ’ਤੇ ਅੜੇ ਹੋਏ ਹਨ ਕਿ ਉਹ ਆਪਣੇ ਪੂਰੇ ਪੈਸੇ ਲਏ ਬਿਨਾਂ ਵਾਪਸ ਨਹੀਂ ਜਾਣਗੇ।