ਕਰਮਜੀਤ ਸਿੰਘ ਚਿੱਲਾ
ਬਨੂੜ, 24 ਅਗਸਤ
ਬੂਟੇ ਮਧਰੇ ਰਹਿਣ ਦੀ ਪਹਿਲੀ ਵਾਰ ਝੋਨੇ ’ਚ ਪਾਈ ਜਾ ਰਹੀ ਬਿਮਾਰੀ ਤੋਂ ਕਿਸਾਨ ਪ੍ਰੇਸ਼ਾਨ ਹਨ। ਬਹੁਤੇ ਖੇਤਾਂ ’ਚ ਕਿਸਾਨਾਂ ਦਾ ਪੰਜਾਹ ਫ਼ੀਸਦੀ ਤੋਂ ਵੱਧ ਝੋਨਾ ਇਸ ਬਿਮਾਰੀ ਦੀ ਮਾਰ ਹੇਠ ਹੈ। ਕਿਸਾਨ ਆਪਣੀ ਮਰਜ਼ੀ ਨਾਲ ਅੰਨੇਵਾਹ ਸਪਰੇਆਂ ਕਰ ਕੇ ਥੱਕ ਚੁੱਕੇ ਹਨ ਪਰ ਬਿਮਾਰੀ ਨੂੰ ਕੋਈ ਫਰਕ ਨਹੀਂ ਪੈ ਰਿਹਾ। ਖੇਤੀਬਾੜੀ ਵਿਭਾਗ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਜ਼ਿਲ੍ਹੇ ’ਚ ਵੱਡੀ ਪੱਧਰ ’ਤੇ ਝੋਨੇ ’ਤੇ ਇਸ ਬਿਮਾਰੀ ਦਾ ਹਮਲਾ ਹੋਇਆ ਹੈ। ਕਿਸਾਨਾਂ ਅਨੁਸਾਰ ਸਭ ਤੋਂ ਘੱਟ ਰੋਗ ਪੀਆਰ 126 ਕਿਸਮ ’ਚ ਤੇ ਸਭ ਤੋਂ ਵੱਧ ਰੋਗ ਪੀਆਰ 131 ’ਚ ਹੈ। ਕਿਸਾਨਾਂ ਨੇ ਦੱਸਿਆ ਕਿ ਇੱਕੋ ਖੇਤ ਵਿੱਚ ਇੱਕੋ ਸਮੇਂ ਲੱਗੇ ਝੋਨੇ ’ਚ ਇੱਕ ਬੂਟਾ ਪੂਰਾ ਸਾਈਜ਼ ਬਣਾ ਕੇ ਹੁਣ ਨਿੱਸਰਨ ’ਤੇ ਆ ਗਿਆ ਹੈ ਤੇ ਉਸ ਦੇ ਨਾਲ ਦਾ ਦੂਜਾ ਬੂਟਾ ਇੱਕ ਫੁੱਟ ਤੋਂ ਵੀ ਨਹੀਂ ਵਧਿਆ। ਕਿਸਾਨਾਂ ਨੇ ਦੱਸਿਆ ਕਿ ਪਹਿਲੀ ਅਗਸਤ ਨੂੰ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁਹਾਲੀ ਦੇ ਅਧਿਕਾਰੀਆਂ ਦੀ ਸੂਚਨਾ ’ਤੇ ਪਿੰਡ ਮਨੌਲੀ ਸੂਰਤ ਤੋਂ ਖੇਤੀਬਾੜੀ ਯੂਨੀਵਰਸਿਟੀ ਨੇ ਸੈਂਪਲ ਲਏ ਸਨ। ਉਨ੍ਹਾਂ ਕਿਹਾ ਕਿ ਉਦੋਂ ਮਾਹਿਰਾਂ ਤੇ ਵਿਭਾਗ ਨੇ ਇੱਕ ਹਫ਼ਤੇ ’ਚ ਰਿਪੋਰਟ ਦੇਣ ਦਾ ਵਾਅਦਾ ਕੀਤਾ ਸੀ ਪਰ 25 ਦਿਨ ਲੰਘਣ ਦੇ ਬਾਵਜੂਦ ਹਾਲੇ ਤੱਕ ਉਨ੍ਹਾਂ ਨੂੰ ਬਿਮਾਰੀ ਦੀ ਰੋਕਥਾਮ ਲਈ ਕੋਈ ਉਪਾਅ ਨਹੀਂ ਦੱਸਿਆ ਗਿਆ। ਬਲਾਕ ਖੇਤੀਬਾੜੀ ਅਫ਼ਸਰ ਸੰਦੀਪ ਕੁਮਾਰ ਨੇ ਦੱਸਿਆ ਕਿ ਮੁੱਢਲੀ ਰਿਪੋਰਟ ਵਿੱਚ ਇਹ ਕੋਈ ਬਿਮਾਰੀ ਨਹੀਂ ਹੈ, ਸਗੋਂ ਕੋਈ ਵਾਇਰਸ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਰਿਪੋਰਟ ਹਾਲੇ ਆਉਣੀ ਬਾਕੀ ਹੈ।