ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੂਨ
ਲੇਖਿਕਾ ਮੌਸਮੀ ਕੰਡਾਲੀ ਦੀਆਂ ਲਘੂ ਕਥਾਵਾਂ ਦੀ ਪੁਸਤਕ ‘ਬਲੈਕ ਮੈਜ਼ਿਕ ਵਿਮੈਨ’ ਦਾ ਅਨੁਵਾਦ ਕਰਨ ਵਾਲੀ ਲੇਖਿਕਾ ਪਰਬੀਨਾ ਰਾਸ਼ਿਦ ਨੇ ਕੈਪੀਟਲ ਬੁੱਕ ਡਿੱਪੂ, ਇੰਗਲਿਸ਼ ਬੁੱਕ ਸ਼ਾਪ, ਬਹਾਰਿਸਨ ਅਤੇ ਬਰਾਊਜ਼ਰ ਬੁੱਕ ਵਿਚ ਪੁਸਤਕ ਪ੍ਰੇਮੀਆਂ ਨਾਲ ਗੱਲਬਾਤ ਕੀਤੀ ਹੈ। ਪੇਂਗੁਇਨ ਰੈਂਡਮ ਹਾਊਸ ਦੀ ਕਾਰਜਕਾਰੀ ਸੰਪਾਦਕ ਐਲਿਜ਼ਾਬੇਥ ਕੁਰੂਵਿਲਾ ਨੇ ਕਿਹਾ, ‘ਬਲੈਕ ਮੈਜ਼ਿਕ ਵਿਮੈਨ’ ਲਘੂ ਕਥਾਵਾਂ ਦਾ ਇਕ ਅਹਿਮ ਸੰਗ੍ਰਹਿ ਹੈ, ਜੋ ਉਤਰ-ਪੂਰਬ ਭਾਰਤ ਦੇ ਲੋਕਾਂ ਦੁਆਰਾ ਆਪਣੇ ਹੀ ਦੇਸ਼ ਵਿਚ ਅਨੁਭਵ ਕੀਤੇ ਗਏ ਵੱਖਵਾਦ ਅਤੇ ਹਿੰਸਾ ਦੀ ਗਵਾਹੀ ਭਰਦਾ ਹੈ।’’
‘ਇਕੋਜ਼ ਫ਼ਰੌਮ ਦਿ ਵੈਲੀ’, ‘ਪੇਂਟਿੰਗ ਆਫ਼ ਦਿ ਸਕਾਇ’, ‘ਇਫ਼ ਏ ਰਿਵਰ ਐਂਡ ਬੈਲੇਡ ਆਫ਼ ਕਾਜੀਰੰਗਾ’ ਆਦਿ ਕਿਤਾਬਾਂ ਦੀ ਅਨੁਵਾਦਕ ਪਰਬੀਨਾ ਰਾਸ਼ਿਦ ਨੇ ਕਿਹਾ, ‘ਬਲੈਕ ਮੈਜ਼ਿਕ ਵਿਮੈਨ ਇਕ ਅਨੁਵਾਦਕ ਵਜੋਂ ਮੇਰੇ ਕਰੀਅਰ ਦਾ ਸਭ ਤੋਂ ਚੁਣੌਤੀਪੂਰਨ ਪ੍ਰਾਜੈਕਟ ਰਿਹਾ ਹੈ। ਮੌਸਮੀ ਦੇ ਪਾਤਰਾਂ ਦੀ ਜਟਿਲ ਦੁਨੀਆ ਵਿਚ ਪ੍ਰਵੇਸ਼ ਕਰਦੇ ਹੀ ਇਹ ਮੇਰੇ ਲਈ ਇਕ ਜਜ਼ਬਾਤੀ ਯਾਤਰਾ ਰਹੀ ਹੈ।’