ਮੁਕੇਸ਼ ਕੁਮਾਰ
ਚੰਡੀਗੜ੍ਹ, 17 ਜਨਵਰੀ
ਸਥਾਨਕ ਸ਼ਹਿਰ ਦੀ ‘ਸਿਟੀ ਬਿਊਟੀਫੁਲ’ ਵਜੋਂ ਲੋਪ ਹੋਈ ਮਾਨਤਾ ਨੂੰ ਮੁੜ ਤੋਂ ਕਾਇਮ ਕਰਨ ਲਈ ਨਵੀਂ ਬਣਾਈ ਗਈ ਐੱਨਜੀਓ ‘ਚੰਡੀਗੜ੍ਹ ਵੈਲਫ਼ੇਅਰ ਟਰੱਸਟ’ ਨੇ ਬੀੜਾ ਚੁੱਕਿਆ ਹੈ। ਅੱਜ ਇਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਇਸ ਐੱਨਜੀਓ ਦੀ ਕੀਤੀ ਗਈ ਘੁੰਡ ਚੁਕਾਈ ਦੇ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ‘ਚੰਡੀਗੜ੍ਹ ਵੈਲਫ਼ੇਅਰ ਟਰੱਸਟ’ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਣਾਏ ਗਏ ਟਰੱਸਟ ਰਾਹੀਂ ਚੰਡੀਗੜ੍ਹ ਸ਼ਹਿਰ ਦੇ ਚਹੁਪੱਖੀ ਵਿਕਾਸ ਲਈ ਇਥੋਂ ਦੇ ਪ੍ਰਸ਼ਾਸਨ ਅਤੇ ਨਗਰ ਨਿਗਮ ਨਾਲ ਤਾਲਮੇਲ ਬਣਾ ਕੇ ਕੰਮ ਕੀਤਾ ਜਾਵੇਗਾ। ਸ੍ਰੀ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ, ਨਗਰ ਨਿਗਮ ਸਮੇਤ ਚੰਡੀਗੜ੍ਹ ’ਚ 127 ਤੋਂ ਵੱਧ ਐੱਨਜੀਓਜ਼ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵੈਲਫ਼ੇਅਰ ਟਰੱਸਟ ਦਾ ਮੁੱਖ ਉਦੇਸ਼ ਪ੍ਰਸ਼ਾਸਨ ਸਮੇਤ ਸਮੁੱਚੀਆਂ ਸੰਸਥਾਵਾਂ ਨੂੰ ਇੱਕ ਮੰਚ ’ਤੇ ਇੱਕਠਾ ਕਰਕੇ ਸ਼ਹਿਰ ਦੇ ਵਿਕਾਸ ਲਈ ਮਿਲ ਕੇ ਕੰਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਯੁੰਕਤ ਰਾਸ਼ਟਰ ਵੱਲੋਂ ਮਿੱਥੇ ਗਏ 17 ਸਥਿਰ ਵਿਕਾਸ ਟੀਚਿਆਂ ਵਿਚੋਂ ਮੁੱਖ ਤੌਰ ਤੇ 8 ਟੀਚਿਆਂ ’ਤੇ ਸਮਰਪਿਤ ਭਾਵਨਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਟਰੱਸਟ ਨੇ ਅਜਿਹੇ ਦੋ ਪ੍ਰਾਜੈਕਟਾਂ ਦੀ ਸ਼ਨਾਖ਼ਤ ਕੀਤੀ ਹੈ, ਜਿਨ੍ਹਾਂ ’ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਅਤੇ ਇਨ੍ਹਾਂ ’ਤੇ ਕੰਮ ਸ਼ੁਰੂ ਵੀ ਹੋ ਚੁੱਕਿਆ ਹੈ। ਪਹਿਲਾ ਪ੍ਰਾਜੈਕਟ ਸਵੱਛ ਭਾਰਤ ਸੂਚਕਾਂਕ ਵਿੱਚ ਚੰਡੀਗੜ੍ਹ ਦੀ ਦਰਜਾਬੰਦੀ ਵਿੱਚ ਸੁਧਾਰ ਕਰਕੇ ਇਸ ਨੂੰ ਦੇਸ਼ ਦੇ ਸੱਭ ਤੋਂ ਸਾਫ਼-ਸੁਥਰੇ ਸ਼ਹਿਰ ਵਜੋਂ ਸਥਾਪਤ ਕਰਨਾ ਹੈ ਅਤੇ ਦੂਜਾ ‘ਈਜ਼ ਆਫ਼ ਲਿਵਿੰਗ ਇੰਡੈਕਸ’ ਵਿੱਚ ਚੰਡੀਗੜ੍ਹ ਦੀ ਰੈਂਕਿੰਗ ’ਚ ਸੁਧਾਰ ਕਰਨਾ ਹੈ।