ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜੂਨ
ਸਥਾਨਕ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਨੇ ਅੱਜ ਇਥੋਂ ਦੇ ਸੈਕਟਰਾਂ ਵਿੱਚ ਕਾਰਵਾਈ ਕਰਦੇ ਹੋਏ ਅਣਅਧਿਕਾਰਤ ਥਾਂਵਾਂ ’ਤੇ ਕੀਤੇ ਕਬਜ਼ੇ ਖਾਲੀ ਕਰਵਾਏ ਅਤੇ ਕਾਬਜ਼ਕਾਰਾਂ ਵੱਲੋਂ ਸਰਕਾਰੀ ਜ਼ਮੀਨ ’ਤੇ ਰੱਖਿਆ ਸਾਮਾਨ ਜ਼ਬਤ ਕੀਤਾ। ਐਨਫੋਰਸਮੈਂਟ ਵਿੰਗ ਦੇ ਇੰਸਪੈਕਟਰ ਡੀਪੀ ਸਿੰਘ ਨੇ ਦੱਸਿਆ ਨਿਗਮ ਦੇ ਜੁਆਇੰਟ ਕਮਿਸ਼ਨਰ ਸੌਰਭ ਕੁਮਾਰ ਅਰੋੜਾ ਦੇ ਆਦੇਸ਼ਾਂ ਤੇ ਉਨ੍ਹਾਂ ਦੀ ਟੀਮ ਨੇ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਅੱਜ ਇਥੇ ਸੈਕਟਰ 38 ਅਤੇ 48 ਦੀ ਮੋਟਰ ਮਾਰਕੀਟ ਵਿੱਚ ਅਣਅਧਿਕਾਰਤ ਥਾਂਵਾਂ ਤੇ ਮੁਰੰਮਤ ਕੀਤੇ ਜਾ ਰਹੇ ਚਾਰ ਵਾਹਨਾਂ ਨੂੰ ਜ਼ਬਤ ਕੀਤਾ। ਊਨ੍ਹਾਂ ਦੱਸਿਆ ਕਿ ਟੀਮ ਨੇ ਸੈਕਟਰ 41 ਸਥਿਤ ਕ੍ਰਿਸ਼ਨਾ ਮਾਰਕੀਟ ਵਿੱਚ ਵੀ ਮੁਹਿੰਮ ਚਲਾ ਕੇ ਉਥੇ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਜਨਤਕ ਥਾਵਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ। ਇਸ ਤੋਂ ਇਲਾਵਾ ਨਿਗਮ ਦੀ ਟੀਮ ਨੇ ਸੈਕਟਰ 37 ਅਤੇ 38 ਵਿੱਚ ਨਾਜਾਇਜ਼ ਤੌਰ ’ਤੇ ਲੱਗਣ ਵਾਲੀਆਂ ਸਬਜ਼ੀਆਂ ਦੀਆਂ ਫੜ੍ਹੀਆਂ ਨੂੰ ਹਟਾਇਆ। ਡੀਪੀ ਸਿੰਘ ਨੇ ਦੱਸਿਆ ਕਿ ਨਿਗਮ ਦੇ ਜੁਆਇੰਟ ਕਮਿਸ਼ਨਰ ਸੌਰਭ ਕੁਮਾਰ ਅਰੋੜਾ ਦੇ ਆਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਰੇਹੜੀ ਤੇ ਫੜ੍ਹੀਆਂ ਵਾਲਿਆਂ ਸਮੇਤ ਦੁਕਾਨਦਾਰਾਂ ਆਦਿ ਵੱਲੋਂ ਕੀਤੇ ਜਾਣ ਵਾਲੇ ਨਾਜਾਇਜ਼ ਕਬਜ਼ੇ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤੇ ਜਾਣਗੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ।