ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਜੁਲਾਈ
ਚੰਡੀਗੜ੍ਹ ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਵੱਲੋਂ ਨਾਜਾਇਜ਼ ਕਬਜ਼ਿਆਂ ਖਿਲਾਫ ਮੁਹਿੰਮ ਚਲਾਈ ਗਈ ਅਤੇ ਸਰਕਾਰੀ ਥਾਂ ’ਤੇ ਰੇਹੜੀ ਫੜ੍ਹੀਆਂ ਅਤੇ ਦੁਕਾਨਦਾਰਾਂ ਵੱਲੋਂ ਕੀਤੇ ਗੈਰਕਾਨੂੰਨੀ ਕਬਜ਼ਿਆਂ ਨੂੰ ਖਾਲੀ ਕਰਵਾਇਆ ਗਿਆ। ਨਗਰ ਨਿਗਮ ਦੇ ਐਨਫੋਰਸਮੈਂਟ ਵਿੰਗ ਦੀਆਂ ਟੀਮਾਂ ਨੇ ਸੈਕਟਰ 17 ਦੀ ਮਾਰਕੀਟ ਸਮੇਤ ਦੱਖਣੀ ਸੈਕਟਰਾਂ ਦੇ ਬਾਹਰੀ ਇਲਾਕਿਆਂ ਵਿੱਚ ਕਾਬਜ਼ਕਾਰਾਂ ਵੱਲੋਂ ਸਰਕਾਰੀ ਥਾਂ ’ਤੇ ਕਬਜ਼ਾ ਕਰ ਕੇ ਰੱਖਿਆ ਸਾਮਾਨ ਜ਼ਬਤ ਕੀਤਾ ਅਤੇ ਚਲਾਨ ਕੱਟੇ।
ਨਿਗਮ ਦੇ ਜੁਆਇੰਟ ਕਮਿਸ਼ਨਰ ਰੋਹਿਤ ਗੁਪਤਾ ਦੀ ਨਿਗਰਾਨੀ ਹੇਠ ਨਿਗਮ ਦੀਆਂ ਟੀਮਾਂ ਨੇ ਸੈਕਟਰ 17 ਦੇ ਓਵਰਬ੍ਰਿਜ ਸਮੇਤ ਕੇਂਦਰੀ ਪਲਾਜ਼ਾ ਖੇਤਰ ਦੇ ਨੇੜੇ-ਤੇੜੇ ਦੀਆਂ ਦੁਕਾਨਾਂ ਵੱਲੋਂ ਸ਼ੋਅਰੂਮਾਂ ਦੇ ਬਾਹਰ ਜਨਤਕ ਥਾਵਾਂ ’ਤੇ ਰੱਖਿਆ ਸਾਮਾਨ ਜ਼ਬਤ ਕਰਕੇ ਚਲਾਨ ਕੀਤੇ ਗਏ। ਮਾਰਕੀਟ ਵਿੱਚ ਜਨਤਕ ਥਾਵਾਂ ’ਤੇ ਬੈਠੇ ਗੈਰਕਾਨੂੰਨੀ ਫੜ੍ਹੀ ਵਾਲਿਆਂ ਦਾ ਵੀ ਸਾਮਾਨ ਜ਼ਬਤ ਕੀਤਾ ਗਿਆ ਅਤੇ ਚਲਾਨ ਕੱਟੇ ਗਏ। ਐਨਫੋਰਸਮੈਂਟ ਵਿੰਗ ਦੀਆਂ ਟੀਮਾਂ ਨੇ ਸ਼ਹਿਰ ਦੇ ਦੱਖਣੀ ਸੈਕਟਰਾਂ ਵਿੱਚੋਂ ਵੀ ਗੈਰਕਾਨੂੰਨੀ ਕਬਜ਼ੇ ਹਟਾਏ ਜਿਸ ਦੌਰਾਨ 25 ਡਿਫਾਲਟਰਾਂ ਦੇ ਚਲਾਨ ਕੱਟੇ ਗਏ। ਜੁਆਇੰਟ ਕਮਿਸ਼ਨਰ ਰੋਹਿਤ ਗੁਪਤਾ ਨੇ ਕਿਹਾ ਕਿ ਗੈਰਕਾਨੂੰਨੀ ਕਬਜ਼ਿਆਂ ਖਿਲਾਫ਼ ਬਾਕਾਇਦਾ ਤੌਰ ’ਤੇ ਮੁਹਿੰਮ ਚਲਾਈ ਜਾਵੇਗੀ।