ਕਰਮਜੀਤ ਸਿੰਘ ਚਿੱਲਾ
ਬਨੂੜ, 31 ਅਕਤੂਬਰ
ਇੱਥੋਂ ਦੇ ਹਾਊਸਫੈੱਡ ਕੰਪਲੈਕਸ ਦੇ ਪਾਰਕਾਂ ਉੱਤੋਂ ਲੰਘਦੀਆਂ ਬਿਜਲੀ ਦੀਆਂ ਕੇਬਲਾਂ ਦੀ ਲਾਈਨ ਨੂੰ ਚਾਰਦੀਵਾਰੀ ਦੇ ਨਾਲ ਤਬਦੀਲ ਕਰਾਉਣ ਲਈ ਪੈਸੇ ਜਮ੍ਹਾਂ ਕਰਾਉਣ ਦੇ ਬਾਵਜੂਦ ਲਾਈਨ ਤਬਦੀਲ ਨਾ ਹੋਣ ਤੋਂ ਸੁਸਾਇਟੀ ਵਾਸੀ ਪ੍ਰੇਸ਼ਾਨ ਹਨ। ਪਾਵਰਕੌਮ ਵੱਲੋਂ ਲਾਈਨ ਨੂੰ ਤਬਦੀਲ ਕਰਨ ਲਈ ਡੇਢ ਮਹੀਨਾ ਪਹਿਲਾਂ ਵਰਕ ਆਰਡਰ ਵੀ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਲਾਈਨ ਦਾ ਕੰਮ ਆਰੰਭ ਨਹੀਂ ਹੋਇਆ।
ਕੰਪਲੈਕਸ ਦਾ ਕਾਰਜਭਾਰ ਚਲਾ ਰਹੀ ਬਾਬਾ ਜ਼ੋਰਾਵਰ ਸਿੰਘ ਸਹਿਕਾਰੀ ਮਕਾਨ ਉਸਾਰੀ ਸਭਾ ਦੇ ਪ੍ਰਧਾਨ ਮਾਸਟਰ ਕੌਰ ਸਿੰਘ ਤੇ ਮੈਬਰਾਂ ਅਮਨਦੀਪ ਸਿੰਘ, ਸ਼ੇਰ ਸਿੰਘ, ਨੀਨਾ ਗੋਇਲ, ਪਾਲ ਸਿੰਘ, ਬਲਵਿੰਦਰ ਸਿੰਘ ਨੇ ਦੱਸਿਆ ਕਿ ਲਾਈਨ ਸਿਫ਼ਟ ਨਾ ਹੋਣ ਕਾਰਨ ਸੁਸਾਇਟੀ ਦੇ ਪਾਰਕਾਂ ਦੀ ਸੁਚੱਜੀ ਦੇਖ-ਭਾਲ ਨਹੀਂ ਹੋ ਰਹੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ 3-8-2022 ਨੂੰ 5 ਲੱਖ, 77 ਹਜ਼ਾਰ, 200 ਰੁਪਏ ਦੀ ਰਾਸ਼ੀ ਪਾਵਰਕੌਮ ਕੋਲ ਜਮ੍ਹਾਂ ਕਰਾਈ ਸੀ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਵਿਭਾਗ ਦੇ ਐਸਈ ਵੱਲੋਂ 14-9-2022 ਨੂੰ ਜੇਪੀ ਇਲੈਕਟਰਿੱਲ ਨੂੰ ਕੰਮ ਕਰਨ ਦਾ ਵਰਕ ਆਰਡਰ ਵੀ ਜਾਰੀ ਕੀਤਾ ਗਿਆ ਸੀ ਪਰ ਡੇਢ ਮਹੀਨਾ ਲੰਘਣ ਦੇ ਬਾਵਜੂਦ ਹਾਲੇ ਤੱਕ ਕੰਮ ਸ਼ੁਰੂ ਨਹੀਂ ਹੋਇਆ।
ਜਲਦੀ ਆਰੰਭ ਹੋ ਜਾਵੇਗਾ ਕੰਮ: ਜੇਈ
ਪਾਵਰਕੌਮ ਦੇ ਬਨੂੜ ਸਥਿਤ ਐਸਡੀਓ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਮੋਬਾਈਲ ਸਵਿੱਚ ਆਫ਼ ਮਿਲਿਆ। ਸਬੰਧਤ ਖੇਤਰ ਦੇ ਜੇਈ ਅਮਰ ਨਾਥ ਨੇ ਦੱਸਿਆ ਕਿ ਵਰਕ ਆਰਡਰ ਜਾਰੀ ਹੋਣ ਵਾਲੀ ਫ਼ਰਮ ਵੱਲੋਂ ਕੰਮ ਨਾ ਕਰਨ ਕਰਕੇ ਇਸ ਵਿੱਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਨੂੰ ਵਰਕ ਆਰਡਰ ਕੈਂਸਲ ਕਰਕੇ ਨਵੇਂ ਠੇਕੇਦਾਰ ਕੋਲੋਂ ਕੰਮ ਕਰਾਏ ਜਾਣ ਲਈ ਲਿਖਿਆ ਗਿਆ ਹੈ ਤੇ ਬਹੁਤ ਜਲਦੀ ਲਾਈਨ ਤਬਦੀਲ ਕਰਨ ਲਈ ਕੰਮ ਆਰੰਭ ਹੋ ਜਾਵੇਗਾ।