ਕਰਮਜੀਤ ਸਿੰਘ ਚਿੱਲਾ
ਬਨੂੜ, 22 ਫਰਵਰੀ
ਰਾਜਪੁਰਾ ਵਿਧਾਨ ਸਭਾ ਹਲਕੇ ਵਿੱਚ ਪੈਂਦੀ ਬਨੂੜ ਸਬ-ਤਹਿਸੀਲ ਤੇ ਇਸ ਖੇਤਰ ਦੇ ਹੋਰਨਾਂ ਪਿੰਡਾਂ ਵਿੱਚ 80 ਫ਼ੀਸਦੀ ਤੋਂ ਵੱਧ ਭੁਗਤੀਆਂ ਵੋਟਾਂ ਨੇ ਰਵਾਇਤੀ ਧਿਰਾਂ ਦੀ ਚਿੰਤਾ ਵਧਾ ਦਿੱਤੀ ਹੈ। ਬਨੂੜ ਸ਼ਹਿਰ ਵਿੱਚ ਸਿਰਫ਼ 71 ਫੀਸਦੀ ਪੋਲਿੰਗ ਹੋਣ ਨਾਲ ਹੁਕਮਰਾਨ ਧਿਰ ਆਪਣੀ ਸਥਿਤੀ ਠੀਕ ਦੱਸ ਰਹੀ ਹੈ ਪਰ ਪਿੰਡਾਂ ਵਿੱਚ ਆਪ ਮੁਹਾਰੇ ਅਤੇ ਚੁੱਪ-ਚੁਪੀਤੇ ਪਈ ਵੋਟ ਦਾ ਰਾਜਸੀ ਆਗੂ ਮੁਲਾਂਕਣ ਕਰਨ ਵਿੱਚ ਰੁਝ ਗਏ ਹਨ। ਸਮੁੱਚੀਆਂ ਪਾਰਟੀਆਂ ਦੇ ਉਮੀਦਵਾਰ ਵੀ ਆਪਣੇ ਪੋਲਿੰਗ ਏਜੰਟਾਂ ਕੋਲੋਂ ਵੋਟਾਂ ਦੀ ਗਿਣਤੀ ਇਕੱਤਰ ਕਰਕੇ ਆਪਣੇ ਹਿੱਸੇ ਦੇ ਜੋੜ-ਤੋੜ ਲਾਉਣ ਵਿੱਚ ਰੁਝੇ ਹੋਏ ਹਨ।
ਇਸ ਖੇਤਰ ਦੇ ਪਿੰਡਾਂ ਵਿੱਚ ਹੋਈ ਪੋਲਿੰਗ ਅਨੁਸਾਰ ਅਜੀਜ਼ਪੁਰ ਸਭ ਤੋਂ ਵੱਧ ਵੋਟ ਪੋਲ ਹੋਈ। ਬਾਕੀ ਪਿੰਡਾਂ ਵਿੱਚ ਵੀ ਖੇੜਾ ਗੱਜੂ ਵਿਖੇ 3316 ਵਿੱਚੋਂ 2784, ਅਬਰਾਵਾਂ ਵਿਖੇ 1610 ਵਿੱਚੋਂ 1280, ਤਸੌਲੀ ਵਿਖੇ 1450 ਵਿੱਚੋਂ 1252, ਹੁਲਕਾ ਵਿਖੇ 1080 ਵਿੱਚੋਂ 890, ਨੰਡਿਆਲੀ ਵਿਖੇ 976 ਵਿੱਚੋਂ 721, ਭਟੀਰਸ ਵਿਖੇ 812 ਵਿੱਚੋਂ 750, ਉੱਚਾ ਖੇੜਾ ਵਿਖੇ 965 ਵਿੱਚੋਂ 524, ਕਲੌਲੀ ਜੱਟਾਂ ਵਿਖੇ 623 ਵਿੱਚੋਂ 560, ਜੰਗਪੁਰਾ ਵਿਖੇ 1721 ਵਿੱਚੋਂ 1385, ਕਨੌੜ ਵਿਖੇ 1220 ਵਿੱਚੋਂ 1031, ਮਨੌਲੀ ਸੂਰਤ ਵਿਖੇ 1686 ਵਿੱਚੋਂ 1418, ਫਤਹਿਪੁਰ ਗੜ੍ਹੀ ਵਿਖੇ 780 ਵਿੱਚੋਂ 660 ਬੂਟਾ ਸਿੰਘ ਵਾਲਾ ਵਿਖੇ 1721 ਵਿੱਚੋਂ 1447, ਉੜਦਣ ਵਿਖੇ 1555 ਵਿੱਚੋਂ 1253, ਧਰਮਗੜ੍ਹ ਵਿਖੇ 1884 ਵਿੱਚੋਂ 1509 ਵੋਟਾਂ ਪੋਲ ਹੋਈਆਂ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ ਅਤੇ ਦਿਹਾਤੀ ਪ੍ਰਧਾਨ ਨੈਬ ਸਿੰਘ ਮਨੌਲੀ ਸੂਰਤ ਕਾਂਗਰਸੀ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੀ ਜਿੱਤ ਦਾ ਦਾਅਵਾ ਕਰ ਰਹੇ ਹਨ। ਪੰਜਾਬ ਲੋਕ ਕਾਂਗਰਸ ਦੇ ਆਗੂ ਐੱਸਐੱਮਐੱਸ ਸੰਧੂ ਅਤੇ ਭਾਜਪਾ ਆਗੂ ਪ੍ਰੇਮ ਥੱਮਣ ਨੇ ਭਾਜਪਾ ਉਮੀਦਵਾਰ ਜਗਦੀਸ਼ ਜੱਗਾ ਅਤੇ ‘ਆਪ’ ਦੇ ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ ਨੇ ਨੀਨਾ ਮਿੱਤਲ ਦੇ ਜਿੱਤਣ ਦੀ ਉਮੀਦ ਪ੍ਰਗਟਾਈ ਹੈ।