ਪੱਤਰ ਪ੍ਰੇਰਕ
ਕੁਰਾਲੀ, 3 ਮਈ
ਵਿਧਾਇਕਾ ਅਨਮੋਲ ਗਗਨ ਮਾਨ ਨੇ ਪਾਰਟੀ ਵਾਲੰਟੀਅਰਾਂ ਨਾਲ ਮੀਟਿੰਗ ਇਥੇ ਚੰਡੀਗੜ੍ਹ ਰੋਡ ’ਤੇ ਕੀਤੀ। ਉਨ੍ਹਾਂ ਸ਼ਹਿਰ ਤੇ ਹਲਕੇ ਦੇ ਸਰਬਪੱਖੀ ਵਿਕਾਸ ਦਾ ਵਾਅਦਾ ਕਰਦਿਆਂ ਪਾਰਟੀ ਵਾਲੰਟੀਅਰਾਂ ਨੂੰ ਪਾਰਟੀ ਦੀਆਂ ਨੀਤੀਆਂ ਅਨੁਸਾਰ ਕੰਮ ਕਰਨ ਦਾ ਸੱਦਾ ਦਿੱਤਾ। ਵਿਧਾਇਕਾ ਮਾਨ ਨੇ ਕਿਹਾ ਕਿ ਹਲਕਾ ਖਰੜ ਭਾਵੇਂ ਰਾਜਧਾਨੀ ਚੰਡੀਗੜ੍ਹ ਦੀ ਜੂਹ ’ਚ ਵਸਿਆ ਹੈ ਪਰ ਹਲਕੇ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਲਈ ਤਰਸਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੂੜੇ ਕਰਕਟ ਦਾ ਨਿਪਟਾਰਾ, ਨਿਕਾਸੀ, ਗਲੀਆਂ ਨਾਲੀਆਂ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹਲਕੇ ਵਿੱਚ ਹਾਲੇ ਵੀ ਬਹੁਤ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਨੂੰ ਹੀ ਤਰਜ਼ੀਹ ਦਿੱਤੀ ਜਾ ਰਹੀ ਹੈ ਤੇ ਇਸ ਸਬੰਧੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬੀਬਾ ਮਾਨ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਤੋਂ ਬਾਅਦ ਹਲਕੇ ਨੂੰ ਹੋਰ ਪੱਖਾਂ ਤੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ ਸਹੂਲਤਾਂ ਨੂੰ ਮਿਆਰੀ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਰਕਾਰੀ ਅਦਾਰਿਆਂ ’ਚ ਹੀ ਇਹ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਾਂ ਨੂੰ ਮੁੱਖ ਰੱਖ ਕੇ ਹਲਕੇ ਤੇ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ’ਤੇ ਭਰੋਸਾ ਕੀਤਾ ਹੈ ਲੋਕਾਂ ਦੀਆਂ ਉਮੀਦਾਂ ’ਤੇ ‘ਆਪ’ ਸਰਕਾਰ ਖਰੀ ਉਤਰੇਗੀ।