ਮੁਕੇਸ਼ ਕੁਮਾਰ
ਚੰਡੀਗੜ੍ਹ , 14 ਦਸੰਬਰ
ਕੋਵਿਡ-19 ਦੇ ਖਤਰੇ ਨੂੰ ਲੈ ਕੇ ਸਾਵਧਾਨੀ ਦੇ ਤੌਰ ’ਤੇ ਨਗਰ ਨਿਗਮ ਵਲੋਂ ਇਥੇ ਸੈਕਟਰ 33 ਸਥਿਤ ਟੈਰਸ ਗਾਰਡਨ ਵਿਖੇ ਹਰ ਸਾਲ ਦਸੰਬਰ ਮਹੀਨੇ ਵਿੱਚ ਹੋਣ ਵਾਲੇ ‘ਗੁਲਦਾਉਦੀ ਸ਼ੋਅ’ ਨੂੰ ਰੱਦ ਕਰ ਦਿੱਤਾ ਹੈ। ਨਿਗਮ ਅਧਿਕਾਰੀਆਂ ਨੇ ਇਸ ਫ਼ੈਸਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਗਲੇ ਸਾਲ ਫਰਵਰੀ ਮਹੀਨੇ ਵਿੱਚ ਹੋਣ ਵਾਲੇ ਗੁਲਾਬ ਮੇਲੇ ਦੇ ਆਸਾਰ ਵੀ ਮੱਧਮ ਹਨ। ਜ਼ਿਕਰਯੋਗ ਹੈ ਕਿ ਪਿਛਲੇ 35 ਸਾਲ ਵਿੱਚ ਇਹ ਤੀਜਾ ਮੌਕਾ ਹੈ ਜਦੋਂ ਗੁਲਦਾਉਦੀ ਸ਼ੋਅ ਨੂੰ ਰੱਦ ਕੀਤਾ ਗਿਆ ਹੈ। 1985 ਵਿੱਚ ਸ਼ੁਰੂ ਹੋਇਆ ਗੁਲਦਾਉਦੀ ਸ਼ੋਅ ਹਰ ਸਾਲ ਦਸੰਬਰ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ। ਗੁਲਦਾਉਦੀ ਸ਼ੋਅ ਵਿੱਚ ਲਗਪਗ 250 ਕਿਸਮਾਂ ਦੇ ਫੁੱਲਾਂ ਦੀਆਂ ਵੰਨ ਸੁਵੰਨੀਆਂ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਇਸ ਸ਼ੋਅ ਦੌਰਾਨ ਨਗਰ ਨਿਗਮ ਵਲੋਂ ਫੁੱਲਾਂ ਦੇ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਸ ਤਰ੍ਹਾਂ ਸੈਕਟਰ 16 ਸਥਿਤ ਜ਼ਾਕਿਰ ਰੋਜ਼ ਗਾਰਡਨ ਵਿੱਚ ਹਰ ਸਾਲ ਲੱਗਣ ਵਾਲੇ ਗੁਲਾਬ ਮੇਲੇ ਦੌਰਾਨ 800 ਤੋਂ ਜ਼ਿਆਦਾ ਗੁਲਾਬ ਦੀਆਂ ਕਿਸਮਾਂ ਇਥੇ ਦੇਖਣ ਨੂੰ ਮਿਲਦੀਆਂ ਹਨ। ਤਿੰਨ ਦਿਨ ਚੱਲਣ ਵਾਲਾ ਗੁਲਾਬ ਮੇਲਾ ਚੰਡੀਗੜ੍ਹ ਸਮੇਤ ਇਸਦੇ ਆਸ ਪਾਸ ਦੇ ਹੋਰ ਸ਼ਹਿਰਾਂ ਦੇ ਵਾਸੀਆਂ ਲਈ ਖਾਸ ਖਿੱਚ ਦਾ ਕੇਂਦਰ ਰਹਿੰਦਾ ਹੈ ਅਤੇ ਲੋਕ ਇਸ ਮੇਲੇ ਦਾ ਪੂਰੇ ਸਾਲ ਇੰਤਜ਼ਾਰ ਕਰਦੇ ਹਨ।