ਹਰਜੀਤ ਸਿੰਘ
ਡੇਰਾਬੱਸੀ, 17 ਜੂਨ
ਜੰਗਲਾਤ ਵਿਭਾਗ ਵੱਲੋਂ ਖੇਤਰ ਨੂੰ ਹਰਿਆ ਭਰਿਆ ਬਣਾਉਣ ਲਈ ਡੇਰਾਬੱਸੀ ਖੇਤਰ ਵਿੱਚ 27 ਹਜ਼ਾਰ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ। ਜੰਗਲਾਤ ਵਿਭਾਗ ਦੇ ਰੇਂਜ ਅਫਸਰ ਸੁਖਮਿੰਦਰ ਸਿੰਘ ਮਾਵੀ ਦੀ ਅਗਵਾਈ ਵਿੱਚ ਇਹ ਮੁਹਿੰਮ ਚਾਲੂ ਕੀਤੀ ਗਈ ਹੈ ਜਿਸ ਤਹਿਤ ਇਹ ਬੂਟੇ ਖੇਤਰ ਦੀਆਂ ਵੱਖ ਵੱਖ ਬੀੜਾਂ ਵਿੱਚ ਲਾਏ ਜਾਣਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਅਫਸਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਇਹ ਬੂਟੇ ਇਥੋਂ ਦੀ ਬਾਕਰਪੁਰ ਬੀੜ, ਖੇੜੀ ਬੀੜ, ਜ਼ੀਰਕਪੁਰ ਖੇਤਰ ਵਿੱਚ ਪੈਂਦੀ ਪੀਰਮੁਛੱਲਾ ਬੀੜ ਅਤੇ ਹੰਸਾਲਾ ਬੀੜ ਵਿੱਚ ਲਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਦੇ 400 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਇਲਾਕੇ ਦੇ ਹਰੇਕ ਪੰਚਾਇਤ ਨੂੰ 400 ਬੂਟੇ ਮੁਫ਼ਤ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਤਰਾਂ ਕੋਈ ਵੀ ਇਲਾਕੇ ਦਾ ਵਸਨੀਕ ਆਨ ਲਾਈਨ ਬੁਕਿੰਗ ਕਰ ਕੇ ਜੰਗਲਾਤ ਵਿਭਾਗ ਦੇ ਦਫਤਰ ਤੋਂ ਬੂਟੇ ਮੁਫ਼ਤ ਲੈ ਕੇ ਜਾ ਸਕਦੇ ਹਨ। ਉਨ੍ਹਾਂ ਨੇ ਤਸੱਲੀ ਪ੍ਰਗਟਾਈ ਕਿ ਲੋਕ ਹੁਣ ਪਹਿਲਾਂ ਤੋਂ ਜ਼ਿਆਦਾ ਜਾਗਰੂਕ ਹੋ ਚੁੱਕੇ ਹਨ ’ਤੇ ਖੇਤਰ ਵਿੱਚ ਹਰਿਆਲੀ ਦਿਨ-ਬ-ਦਿਨ ਵਧ ਰਹੀ ਹੈ ਜਿਸਦੇ ਆਉਣ ਵਾਲੇ ਸਮੇਂ ਵਿੱਚ ਸਾਰਥਕ ਸਿੱਟੇ ਸਾਹਮਣੇ ਆਉਣਗੇ।