ਮੁਕੇਸ਼ ਕੁਮਾਰ
ਚੰਡੀਗੜ੍ਹ, 13 ਅਕਤੂਬਰ
ਚੰਡੀਗੜ੍ਹ ਪ੍ਰਸ਼ਾਸਨ ਦੇ ਵਾਹਨ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਵੱਲੋਂ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀ ਨਵੀਂ ਸ਼ੁਰੂ ਹੋ ਰਹੀ ਲੜੀ ‘ਸੀਐੱਚ 01 ਸੀਐੱਮ’ ਅਤੇ ਪਿਛਲੀਆਂ ਜਾਰੀ ਹੋ ਚੁੱਕੀਆਂ ਵਾਹਨ ਰਜਿਸਟ੍ਰੇਸ਼ਨ ਨੰਬਰਾਂ ਦੀਆਂ ਲੜੀਆਂ ਦੇ ਬਾਕੀ ਬਚੇ ਹੋਏ ਫੈਂਸੀ ਅਤੇ ਮਨਪਸੰਦ ਨੰਬਰਾਂ ਦੀ ਈ-ਨਿਲਾਮੀ ਦੀ ਪ੍ਰਕਿਰਿਆ 17 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਈ-ਨਿਲਾਮੀ ਲਈ ਚੰਡੀਗੜ੍ਹ ਦੇ ਪੱਕੇ ਵਾਸੀ ਆਪਣੇ ਨਵੇਂ ਵਾਹਨ ਲਈ ਫੈਂਸੀ ਅਤੇ ਮਨਪਸੰਦ ਨੰਬਰ ਲੈਣ ਲਈ 17 ਅਕਤੂਬਰ ਤੋਂ ਲੈ ਕੇ 26 ਅਕਤੂਬਰ ਤੱਕ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਇਸ ਤੋਂ ਬਾਅਦ ਰਜਿਸਟ੍ਰੇਸ਼ਨ ਕਰਨ ਵਾਲੇ ਵਾਹਨ ਮਾਲਕ ਆਪਣੇ ਵਾਹਨ ਲਈ ਫੈਂਸੀ ਅਤੇ ਮਨਪਸੰਦ ਨੰਬਰ ਲਗਾਉਣ ਲਈ 27 ਤੋਂ ਲੈ ਕੇ 29 ਅਕਤੂਬਰ ਤੱਕ ਜਾਰੀ ਰਹਿਣ ਵਾਲੀ ਈ-ਨਿਲਾਮੀ ਵਿੱਚ ਬੋਲੀ ਲਗਾ ਸਕਦੇ ਹਨ।
ਨਿਲਾਮੀ ਵਿੱਚ ਹਿੱਸਾ ਲੈਣ ਵਾਲੇ ਵਾਹਨ ਮਾਲਕ ਨੈਸ਼ਨਲ ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਈਟ https://vahan.parivahan.gov.in/fancy ਜਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ www.chdtransport.gov.in ’ਤੇ ਦਿਤੇ ਗਏ ਲਿੰਕ ਰਾਹੀਂ ਆਪਣੇ-ਆਪ ਨੂੰ ਰਜਿਸਟਰ ਕਰ ਸਕਦਾ ਹੈ। ਚੰਡੀਗੜ੍ਹ ਦੇ ਪੱਕੇ ਪਤੇ ’ਤੇ ਵਾਹਨ ਖਰੀਦਣ ਵਾਲੇ ਵਾਹਨ ਮਾਲਕ ਹੀ ਇਸ ਨਿਲਾਮੀ ਵਿੱਚ ਹਿੱਸਾ ਲੈ ਸਕਦੇ ਹਨ। ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਲਈ ਫੀਸ ਦਾ ਵੇਰਵਾ, ਫੈਂਸੀ ਜਾਂ ਮਨਪਸੰਦ ਨੰਬਰ ਲਈ ਰਾਖਵੀਂ ਕੀਮਤ, ਨਵੀਂ ਸ਼ੁਰੂ ਹੋ ਰਹੀ ਰਜਿਸਰੇਸ਼ਨ ਨੰਬਰਾਂ ਦੀ ਲੜੀ ਸਮੇਤ ਰਜਿਸਟ੍ਰੇਸ਼ਨ ਨੰਬਰਾਂ ਦੀਆਂ ਵੱਖ ਵੱਖ ਲੜੀਆਂ ਦੀ ਨੰਬਰਾਂ ਦੀ ਉਪਲੱਬਧਤਾ, ਆਨਲਾਈਨ ਨਿਲਾਮੀ ਦੀ ਪ੍ਰਕਿਰਿਆ ਅਤੇ ਈ-ਨਿਲਾਮੀ ਲਈ ਨਿਯਮ ’ਤੇ ਸ਼ਰਤਾਂ ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ www.chdtransport.gov.in ’ਤੇ ਉਪਲਬਧ ਹਨ। ਕਿਸੇ ਵੀ ਹੋਰ ਜਾਣਕਾਰੀ ਅਤੇ ਪੁੱਛਗਿੱਛ ਲਈ ਆਰਐੱਲਏ ਵੱਲੋਂ ਜਾਰੀ ਗ੍ਰਾਹਕ ਸੇਵਾ ਕੇਂਦਰ ਹੈਲਪਲਾਈਨ ਨੰਬਰ 0172-2700341 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਦੇ ਦਫਤਰ ਵਿੱਚ ਸਥਾਪਿਤ ਪੁੱਛਗਿੱਛ ਕੇਂਦਰ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਈ-ਨਿਲਾਮੀ ਵਿੱਚ ਰਜਿਸਰੇਸ਼ਨ ਕਰਵਾਉਣ ਵਾਲੇ ਵਾਹਨ ਮਾਲਕ ਹੀ ਹਿੱਸਾ ਲੈ ਸਕਦੇ ਹਨ।