ਪੱਤਰ ਪ੍ਰੇਰਕ
ਬਨੂੜ, 22 ਮਈ
ਪਿੰਡ ਬੁੱਢਣਪੁਰ ਵਿੱਚ ਅੱਜ ਦੁਪਹਿਰੇ ਲੱਗੀ ਅੱਗ ਕਾਰਨ ਪਾਥੀਆਂ ਦੇ ਛੇ ਗੁਹਾਰੇ ਅਤੇ ਤੂੜੀ ਦੇ ਦੋ ਕੁੱਪ ਸੜਕੇ ਸੁਆਹ ਹੋ ਗਏ। ਰਾਜਪੁਰਾ ਅਤੇ ਡੇਰਾਬੱਸੀ ਤੋਂ ਮੌਕੇ ’ਤੇ ਪਹੁੰਚੀਆਂ ਫ਼ਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਤਿੰਨ ਘੰਟੇ ਦੀ ਭਾਰੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਦੀ ਘਟਨਾ ਦੁਪਹਿਰੇ ਇੱਕ ਵਜੇ ਦੇ ਕਰੀਬ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਸੀ। ਹਵਾ ਦੇ ਨਾਲ ਅੱਗ ਖੇਤ ਦੇ ਨਾਲ ਲੱਗਦੇ ਗੁਹਾਰਿਆਂ ਵਿੱਚ ਆ ਵੜੀ। ਅੱਗ ਨੇ ਜਰਨੈਲ ਸਿੰਘ, ਪ੍ਰੇਮ ਸਿੰਘ, ਜਗਰੂਪ ਸਿੰਘ, ਬਲਵਿੰਦਰ ਸਿੰਘ ਦੇ ਪਾਥੀਆਂ ਦੇ ਛੇ ਗੁਹਾਰੇ ਅਤੇ ਤੂੜੀ ਦੇ ਦੋ ਕੁੱਪ ਸਾੜਕੇ ਸੁਆਹ ਕਰ ਦਿੱਤੇ। ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਵੇਖਦਿਆਂ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਪਹੁੰਚੇ। ਉਨ੍ਹਾਂ ਪਹਿਲਾਂ ਖੁਦ ਹੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਜਿਹਾ ਨਾ ਹੋਣ ਤੇ ਫ਼ਾਇਰ ਬ੍ਰਿਗੇਡ ਬੁਲਾਈ ਗਈ। ਪੰਜ ਵਜੇ ਤੱਕ ਅੱਗ ’ਤੇ ਮੁਕੰਮਲ ਕਾਬੂ ਪਾਇਆ ਜਾ ਸਕਿਆ। ਕਣਕ ਦੇ ਨਾੜ ਵਾਲੇ ਖੇਤ ਵਿੱਚ ਠੇਕੇ ਉੱਤੇ ਖੇਤੀ ਕਰਨ ਵਾਲੇ ਕਿਸਾਨ ਨੇ ਨਾੜ ਨੂੰ ਖੁਦ ਅੱਗ ਲਾਏ ਜਾਣ ਤੋਂ ਇਨਕਾਰ ਕੀਤਾ ਹੈ।