ਕੁਲਦੀਪ ਸਿੰਘ
ਚੰਡੀਗੜ੍ਹ, 5 ਅਕਤੂਬਰ
ਭਾਰਤੀ ਹਵਾਈ ਸੈਨਾ ਵੱਲੋਂ ਇਥੋਂ ਦੀ ਸੁਖਨਾ ਝੀਲ ’ਤੇ 6 ਅਤੇ 8 ਅਕਤੂਬਰ ਨੂੰ ਏਅਰ ਸ਼ੋਅ ਕਰਵਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਨੂੰ 6 ਤੋਂ 9 ਅਕਤੂਬਰ ਤੱਕ ‘ਨੋ ਫਲਾਈ ਜ਼ੋਨ’ ਐਲਾਨ ਦਿੱਤਾ ਗਿਆ ਹੈ।
ਚੰਡੀਗੜ੍ਹ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਿਨੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਏਅਰ ਸ਼ੋਅ ਦੌਰਾਨ ਪ੍ਰਾਈਵੇਟ ਹਵਾਈ ਜਹਾਜ਼ ਜਾਂ ਡਰੋਨ ਉਡਾਉਣ ਉੱਤੇ ਲਗਾਈ ਗਈ ਪਾਬੰਦੀ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਅਤੇ ਏਅਰ ਫੋਰਸ ਦੇ ਹਵਾਈ ਜਹਾਜ਼ਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਲਗਾਈ ਗਈ ਹੈ। ਇਹ ਹੁਕਮ ਪੁਲੀਸ, ਅਰਧ ਸੈਨਿਕ ਦਲ, ਏਅਰ ਫੋਰਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਹੋਰਨਾਂ ਏਜੰਸੀਆਂ ਉੱਤੇ ਲਾਗੂ ਨਹੀਂ ਹੋਣਗੇ। ਸ਼ੋਅ ਵਿੱਚ ਆਉਣ ਵਾਲੇ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਨਾਲ ਲਿਆਉਣ ’ਤੇ ਵੀ ਪਾਬੰਦੀ ਲਗਾਈ ਗਈ ਹੈ ਝੀਲ ਨੇੜਲੇ ਖੇਤਰ ਵਿੱਚ ਸਥਿਤ ਬਰਡ ਪਾਰਕ ਵੀ 6 ਅਤੇ 8 ਅਕਤੂਬਰ ਲਈ ਯਾਤਰੀਆਂ ਵਾਸਤੇ ਬੰਦ ਕੀਤਾ ਗਿਆ ਹੈ।
ਸੀਟੀਯੂ ਵੱਲੋਂ ਦਿੱਤੀ ਜਾਵੇਗੀ ਸ਼ਟਲ ਸੇਵਾ
6 ਅਤੇ 8 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਸੀਟੀਯੂ ਬੱਸ ਸੇਵਾ ਵੀ ਪ੍ਰਭਾਵਿਤ ਰਹੇਗੀ ਕਿਉਂਕਿ ਦਰਸ਼ਕਾਂ ਨੂੰ ਸ਼ੋਅ ਤੱਕ ਪਹੁੰਚਾਉਣ ਵਿੱਚ ਸੀਟੀਯੂ ਵੱਲੋਂ ਹੀ ਸ਼ਟਲ ਸੇਵਾ ਸ਼ੁਰੂ ਕੀਤੀ ਜਾਵੇਗੀ। ਡਾਇਰੈਕਟਰ ਪ੍ਰਦੁੱਮਣ ਸਿੰਘ ਨੇ ਦੱਸਿਆ ਕਿ 6 ਅਤੇ 8 ਅਕਤੂਬਰ ਨੂੰ ਬੱਸ ਸੇਵਾ ਸਵੇਰੇ 10.30 ਵਜੇ ਤੱਕ ਆਮ ਵਾਂਗ ਜਾਰੀ ਰਹੇਗੀ ਤੇ 10.30 ਤੋਂ ਰਾਤ ਦੇ 8 ਵਜੇ ਤੱਕ ਬੱਸਾਂ ਏਅਰ ਸ਼ੋਅ ਦੇ ਦਰਸ਼ਕਾਂ ਲਈ ਸੇਵਾ ਨਿਭਾਉਣਗੀਆਂ।