ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਅਗਸਤ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਦਾਖਲਿਆਂ ਲਈ ਫੀਸ ਜਮ੍ਹਾਂ ਕਰਵਾਉਣ ਦਾ ਅੱਜ ਆਖਰੀ ਦਿਨ ਸੀ ਪਰ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੀਸ ਜਮ੍ਹਾਂ ਕਰਵਾਉਣ ਵਿੱਚ ਸਮੱਸਿਆ ਆਈ। ਵਿਦਿਆਰਥੀਆਂ ਨੇ ਇਸ ਸਮੱਸਿਆ ਸਬੰਧੀ ਸਕੱਤਰੇਤ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਸਿੱਖਿਆ ਵਿਭਾਗ ਨੇ ਇਸ ਸਮੱਸਿਆ ਕਾਰਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਇਕ ਦਿਨ ਲਈ ਵਧਾ ਦਿੱਤੀ ਹੈ। ਹੁਣ ਵਿਦਿਆਰਥੀ 23 ਅਗਸਤ ਨੂੰ ਰਾਤ ਦੇ 12 ਵਜੇ ਤੋਂ ਪਹਿਲਾਂ ਫੀਸ ਜਮ੍ਹਾਂ ਕਰਵਾ ਸਕਦੇ ਹਨ। ਸਕੱਤਰੇਤ ਵਿੱਚ ਅੱਜ ਇਕੱਠੇ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਬੀਤੇ ਕੱਲ੍ਹ ਫੀਸ ਤਾਂ ਜਮ੍ਹਾਂ ਕਰਵਾ ਦਿੱਤੀ ਸੀ ਪਰ ਉਨ੍ਹਾਂ ਨੂੰ ਆਨਲਾਈਨ ਰਸੀਦ ਨਹੀਂ ਮਿਲੀ ਤੇ ਸਕੂਲ ਵਾਲੇ ਰਸੀਦ ਤੋਂ ਬਿਨਾਂ ਦਾਖਲੇ ਪੱਕੇ ਨਹੀਂ ਕਰ ਰਹੇ। ਡਾਇਰੈਕਟਰ (ਸਕੂਲ ਸਿੱਖਿਆ) ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਦੋ ਸੌ ਦੇ ਕਰੀਬ ਵਿਦਿਆਰਥੀਆਂ ਨੂੰ ਫੀਸ ਜਮ੍ਹਾਂ ਕਰਵਾਉਣ ਦੀ ਸਮੱਸਿਆ ਆਈ ਹੈ ਜਿਸ ਕਾਰਨ ਵਿਦਿਆਰਥੀਆਂ ਨੇ ਫੀਸ ਜਮ੍ਹਾਂ ਕਰਵਾਉਣ ਦੀ ਮਿਤੀ 22 ਤੋਂ ਵਧਾ ਕੇ 23 ਅਗਸਤ ਕਰ ਦਿੱਤੀ ਹੈ। ਅੱਜ ਸ਼ਾਮ ਤੱਕ 12 ਹਜ਼ਾਰ ਵਿਦਿਆਰਥੀ ਫੀਸ ਜਮ੍ਹਾਂ ਕਰਵਾ ਚੁੱਕੇ ਸਨ।
ਕਾਲਜਾਂ ਵਿੱਚ ਦੂਜੀ ਕਾਊਂਸਲਿੰਗ ਅੱਜ ਤੋਂ
ਚੰਡੀਗੜ੍ਹ ਦੇ ਗਿਆਰਾਂ ਕਾਲਜਾਂ ਵਿੱਚ ਦਾਖਲੇ ਲਈ 23 ਤੇ 24 ਅਗਸਤ ਨੂੰ ਦੂਜੀ ਕਾਊਂਸਲਿੰਗ ਸ਼ੁਰੂ ਹੋਵੇਗੀ। ਇਸ ਸਬੰਧੀ ਲਿਸਟ ਵੈੱਬਸਾਈਟ ’ਤੇ ਅਪਲੋਡ ਕਰ ਦਿੱਤੀ ਗਈ ਹੈ। ਇਸ ਵਾਰ ਬੀਕਾਮ ਦੇ ਦਾਖਲੇ ਲਈ ਆਊਟਸਾਈਡ ਯੂਟੀ ਪੂਲ ਦੀ ਆਖਰੀ ਕਟਆਫ 110.20 ਪਰਸੈਂਟਾਈਲ ਰਹੀ ਹੈ ਜੋ ਪਹਿਲੀ ਕਾਊਂਸਲਿੰਗ ਦੌਰਾਨ 110.74 ਸੀ। ਬੀਸੀਏ ਵਿੱਚ ਜਨਰਲ ਪੂਲ ਆਊਟਸਾਈਡ ਯੂਟੀ ਪੂਲ ਦੀ ਕਟਆਫ ਹੁਣ 104.2 ਫੀਸਦੀ ਹੈ ਜੋ ਪਹਿਲੀ ਕਾਊਂਸਲਿੰਗ ਦੌਰਾਨ 106.8 ਫੀਸਦੀ ਸੀ। ਯੂਟੀ ਪੂਲ ਦੀ ਇਹ ਕਟਆਫ 75.55 ਫੀਸਦੀ ਹੈ ਜੋ ਪਹਿਲਾਂ 81 ਫੀਸਦੀ ਸੀ। ਬੀਬੀਏ ਜਨਰਲ ਪੂਲ ਦੀ ਕਟਆਫ 81.50 ਫੀਸਦੀ ਹੈ ਤੇ ਪਹਿਲੀ ਕਾਊਂਸਲਿੰਗ ਦੌਰਾਨ ਇਹ ਕਟਆਫ 96 ਫੀਸਦੀ ਸੀ। ਯੂਟੀ ਪੂਲ ਦੀ ਕਟਆਫ 81.50 ਫੀਸਦੀ ਆਈ ਹੈ।