ਸਰਬਜੀਤ ਸਿੰਘ ਭੱਟੀ
ਲਾਲੜੁੂ, 5 ਸਤੰਬਰ
ਇਲਾਕੇ ਦੇ ਦਰਜਨਾਂ ਪਿੰਡਾਂ ਦੇ ਧੁਰੇ ਵਜੋਂ ਜਾਣਿਆ ਜਾਂਦਾ ਲਾਲੜੂ ਮੰਡੀ ਸ਼ਹਿਰ, ਅੱਜ ਵੀ ਬੱਸ ਅੱਡੇ ਤੋਂ ਸੱਖਣਾ ਹੈ। ਸਵਾਰੀਆਂ ਨੂੰ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਖੜ੍ਹੇ ਹੋ ਕੇ ਹੀ ਬੱਸਾਂ ’ਤੇ ਚੜ੍ਹਨਾ ਤੇ ਉਤਰਨਾ ਪੈਂਦਾ ਹੈ। ਇਸ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ, ਅਨੇਕਾਂ ਵਿਅਕਤੀ ਆਪਣੀ ਕੀਮਤੀ ਜਾਨ ਗੁਆ ਚੁੱਕੇ ਹਨ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਲਾਲੜੂ ਮੰਡੀ ਵਿੱਚ ਨਿਰਮਾਣ ਅਧੀਨ ਚੱਲ ਰਹੇ ਬੱਸ ਅੱਡੇ ਨੂੰ ਤੁਰੰਤ ਮੁਕੰਮਲ ਕਰਵਾਇਆ ਜਾਵੇ ਅਤੇ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਪਾਉਣ ਲਈ ਮਿਨੀ ਬੱਸਾਂ ਤੇ ਹੋਰ ਵਾਹਨਾ ਲਈ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਲਾਲੜੂ ਸ਼ਹਿਰ ਇਲਾਕੇ ਦੇ 60-70 ਪਿੰਡਾਂ ਦਾ ਕੇਂਦਰ ਬਿੰਦੂ ਹੈ। ਇਸ ਕਾਰਨ ਲੋਕਾਂ ਦਾ ਜ਼ਰੂਰੀ ਕੰਮਾਂ ਲਈ ਇੱਥੇ ਆਉਣਾ ਜਾਣਾ ਰਹਿੰਦਾ ਹੈ। ਇਸ ਤੋਂ ਇਲਾਵਾ ਇਥੇ ਵੱਡੀਆ-ਵੱਡੀਆਂ ਸਨਅਤਾਂ ਹੋਣ ਕਾਰਨ ਵੱਡੀ ਗਿਣਤੀ ਵਿਚ ਪਰਵਾਸੀ ਲੋਕ ਰਹਿੰਦੇ ਹਨ। ਇਸ ਕਾਰਨ ਲੋਕਾਂ ਨੂੰ ਸਰਕਾਰੀ ਕੰਮਾਂਕਾਰਾ, ਹਸਪਤਾਲਾਂ, ਸਕੂਲਾਂ, ਕਾਲਜਾਂ ਅਤੇ ਦੁਰ ਦੁਰਾਡੇ ਜਾਣ ਲਈ ਬੱਸਾਂ ਰਾਹੀਂ ਸਫਰ ਕਰਨਾ ਪੈਂਦਾ ਹੈ। ਇੱਥੇ ਕੋਈ ਸਥਾਈ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਮੁੱਖ ਮਾਰਗ ਦੇ ਕੰਢੇ ’ਤੇ ਖੜ੍ਹ ਜਾਂਦੀਆਂ ਹਨ। ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਇਥੇ ਖੜ੍ਹਨਾ ਵੀ ਮੁਸ਼ਕਲ ਹੋ ਜਾਂਦਾ ਹੈ।
ਮਾਰਕੀਟ ਕਮੇਟੀ ਲਾਲੜੂ ਦੇ ਚੈਅਰਮੇਨ ਓਮਬੀਰ ਰਾਣਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ, ਗੁਰਭਜਨ ਸਿੰਘ ਸੈਣੀ, ਹਰਵਿੰਦਰ ਸਿੰਘ ਝਰਮੜੀ ਸਮੇਤ ਅਨੇਕਾਂ ਆਗੂਆਂ ਨੇ ਦੱਸਿਆ ਕਿ ਹਰ ਵਾਰ ਚੋਣਾਂ ਦੌਰਾਨ ਬੱਸ ਅੱਡੇ ਦਾ ਮੁੱਦਾ ਹਰ ਇਕ ਸਿਆਸੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਭਾਰੂ ਰਹਿੰਦਾ ਹੈ, ਪਰ ਚੋਣਾਂ ਤੋਂ ਬਾਅਦ ਸਾਰੇ ਭੁੱਲ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲਾਲੜੂ ਸ਼ਹਿਰ ਵਿੱਚ ਪਿਛਲੇ ਕਈ ਸਾਲਾਂ ਤੋਂ ਉਸਾਰੀ ਅਧੀਨ ਬੱਸ ਅੱਡਾ ਅੱਧਵਿਚਕਾਰ ਲਟਕ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੱਸ ਅੱਡੇ ਦੀ ਉਸਾਰੀ ਮੁਕੰਮਲ ਕਰਵਾ ਕੇ ਸ਼ਹਿਰ ਵਾਸੀਆਂ ਦੇ ਹਵਾਲੇ ਕੀਤਾ ਜਾਵੇ ਅਤੇ ਇਥੇ ਬੱਸਾਂ ਅਤੇ ਹੋਰ ਵਾਹਨਾਂ ਦੇ ਖੜ੍ਹਨ ਲਈ ਯੋਗ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਜਾਵੇ।
ਫੰਡ ਮਿਲਣ ’ਤੇ ਹੋਵੇਗੀ ਬੱਸ ਅੱਡੇ ਦੀ ਉਸਾਰੀ: ਕਾਰਜਸਾਧਕ ਅਫ਼ਸਰ
ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕਲ ਅਫ਼ਸਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਫੰਡ ਨਾ ਹੋਣ ਕਾਰਨ ਨਵੇਂ ਬੱਸ ਅੱਡੇ ਦਾ ਕੰਮ ਰੁਕਿਆ ਪਿਆ ਹੈ, ਫੰਡ ਮਿਲਣ ’ਤੇ ਉਸਾਰੀ ਮੁਕੰਮਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਸਾਂਝੀ ਸਕੀਮ ਤਹਿਤ ਬੱਸ ਅੱਡੇ ਦੀ ਉਸਾਰੀ ਹੋ ਰਹੀ ਹੈ, ਫੰਡ ਟਰਾਂਸਪੋਰਟ ਵਿਭਾਗ ਵੱਲੋਂ ਦਿੱਤੇ ਜਾਣੇ ਹਨ।