ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਸਤੰਬਰ
ਬੁੜੈਲ ਜੇਲ੍ਹ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦਾਅਵਿਆਂ ਦੇ ਬਾਵਜੂਦ ਨਸ਼ਿਆਂ ਅਤੇ ਮੋਬਾਈਲਾਂ ਦਾ ਕਾਰੋਬਾਰ ਜ਼ੋਰਾਂ ਨਾਲ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਜੇਲ੍ਹ ਅਧਿਕਾਰੀਆਂ ਨੇ ਬੁੜੈਲ ਜੇਲ੍ਹ ਵਿੱਚੋਂ 3 ਗ੍ਰਾਮ ਚਰਸ, 15 ਗ੍ਰਾਮ ਗਾਂਜਾ, ਦੋ ਗ੍ਰਾਮ ਅਫ਼ੀਮ ਅਤੇ 4 ਮੋਬਾਈਲ ਬਰਾਮਦ ਕਰ ਕੇ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚ ਪਰਮਜੀਤ ਸਿੰਘ, ਕੁਲਦੀਪ ਅਤੇ ਅਤੁੱਲ ਦੇ ਨਾਂ ਸ਼ਾਮਲ ਹਨ। ਇਹ ਕਾਰਵਾਈ ਮਾਡਲ ਜੇਲ੍ਹ ਦੇ ਵਧੀਕ ਸੁਪਰਡੈਂਟ ਨੇ ਕੀਤੀ ਹੈ ਜਿਨ੍ਹਾਂ ਨੇ ਗੁਪਤ ਸੂਚਨਾ ’ਤੇ ਜੇਲ੍ਹ ਵਿੱਚ ਚੈਕਿੰਗ ਕੀਤੀ ਜਿਸ ਦੌਰਾਨ ਪਰਮਜੀਤ ਸਿੰਘ ਕੋਲੋਂ 2.87 ਗ੍ਰਾਮ ਚਰਸ ਅਤੇ ਦੋ ਮੋਬਾਈਲ ਬਰਾਮਦ ਹੋਏ। ਇਸੇ ਤਰ੍ਹਾਂ ਪੁਲੀਸ ਨੇ ਕੁਲਦੀਪ ਕੋਲੋਂ 15.85 ਗ੍ਰਾਮ ਗਾਂਜਾ ਤੇ ਇੱਕ ਮੋਬਾਈਲ ਅਤੇ ਅਤੁੱਲ ਕੋਲੋਂ 1.84 ਗ੍ਰਾਮ ਅਫ਼ੀਮ ਅਤੇ ਮੋਬਾਈਲ ਬਰਾਮਦ ਕੀਤਾ ਹੈ। ਥਾਣਾ ਸੈਕਟਰ-49 ਦੀ ਪੁਲੀਸ ਨੇ ਵਧੀਕ ਸੁਪਰਡੈਂਟ ਮਾਡਲ ਜੇਲ੍ਹ ਬੁੜੈਲ ਦੀ ਸ਼ਿਕਾਇਤ ’ਤੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।