ਸ਼ਸ਼ੀਪਾਲ ਜੈਨ
ਖਰੜ, 22 ਫਰਵਰੀ
ਖਰੜ ਨਗਰ ਕੌਂਸਲ ਦੀਆਂ ਬੀਤੇ ਦਿਨ ਹੋਈ ਚੋਣ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਾ ਮਿਲਣ ਕਾਰਨ ਪ੍ਰਧਾਨਗੀ ਦੇ ਅਹੁਦੇ ਲਈ ਕਈ ਉਮੀਦਵਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ ਤੇ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਪਾਰਟੀਆਂ ਨੇ ਜ਼ੋਰ ਅਜਮਾਇਸ਼ ਵੀ ਸ਼ੁਰੂ ਕਰ ਦਿੱਤੀ ਹੈ। ਖਰੜ ਵਿੱਚ ਕੁਲ 27 ਵਾਰਡ ਹਨ, ਜਿਨ੍ਹਾਂ ਵਿੱਚੋਂ ਕਾਂਗਰਸ ਨੇ 10, ਸ਼੍ਰੋਮਣੀ ਅਕਾਲੀ ਦਲ ਨੇ 8, ਆਜ਼ਾਦ ਉਮੀਦਵਾਰਾਂ ਨੇ 8 ਤੇ ‘ਆਪ’ ਨੇ ਇੱਕ ਸੀਟ ’ਤੇ ਜਿੱਤ ਹਾਸਲ ਕੀਤੀ ਹੈ। ਕਿਸੇ ਨੂੰ ਵੀ ਸਪਸ਼ਟ ਬਹੁਮਤ ਨਾ ਮਿਲਣ ਕਰਕੇ ਹਰੇਕ ਪਾਰਟੀ ਲਈ ਦੂਜੇ ਦਾ ਸਾਥ ਜ਼ਰੂਰੀ ਹੋ ਗਿਆ ਹੈ। ਕਾਂਗਰਸ ਵਿਚੋਂ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਮਨਿੰਦਰ ਸਿੰਘ ਮੰਨਾ ਦਾ ਨਾਂ ਅੱਗੇ ਆ ਰਿਹਾ ਹੈ। ਕਾਂਗਰਸ ਲਈ ਪ੍ਰਧਾਨਗੀ ਦਾ ਅਹੁਦਾ ਪ੍ਰਾਪਤ ਕਰਨਾ ਸੋਖਾ ਨਹੀਂ, ਕਿਉਂਕਿ ਇਥੇ ਪਾਰਟੀ ਧੜਿਆ ’ਚ ਵੰਡੀ ਹੋਈ ਹੈ ਤੇ ਕਈ ਸਿਰਕੱਢ ਆਗੂ ਚੋਣ ਜਿੱਤਣ ਵਿੱਚ ਨਾਕਾਮ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਮਾਨ ਸਿੰਘ ਸੈਣੀ ਇੱਕ ਪ੍ਰਬਲ ਉਮੀਦਵਾਰ ਹੈ। ਉਨ੍ਹਾਂ ਸਾਰੇ ਹਲਕਿਆਂ ’ਚ ਲੀਡ ਪ੍ਰਾਪਤ ਕੀਤੀ ਹੈ। ਆਜ਼ਾਦ ਉਮੀਦਵਾਰਾਂ ਵਿੱਚੋਂ ਹਰਜਿੰਦਰ ਸਿੰਘ ਜੋਲੀ ਤੇ ਉਨ੍ਹਾਂ ਦੀ ਪਤਨੀ ਦਾ ਸਥਾਨ ਮਜ਼ਬੂਤ ਨਜ਼ਰ ਆ ਰਿਹਾ ਹੈ। ‘ਆਪ’ ਉਮੀਦਵਾਰ ਰਾਮ ਸਰੂਪ ਸ਼ਰਮਾ ਕਿਸ ਨੂੰ ਸਮਰਥਨ ਦਿੰਦੇ ਹਨ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ। ਕੁੱਲ ਮਿਲਾ ਕੇ ਹਾਲੇ ਤੱਕ ਪ੍ਰਧਾਨਗੀ ਸਬੰਧੀ ਸਥਿਤੀ ਸਪਸ਼ਟ ਨਹੀਂ ਹੋ ਸਕੀ ਹੈ।