ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਅਪਰੈਲ
ਮੁਹਾਲੀ ਨਗਰ ਨਿਗਮ ਵਿੱਚ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ 131ਵਾਂ ਜਨਮ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤੀ, ਜਿਸ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ। ਇਸ ਮੌਕੇ ਮੇਅਰ ਅਤੇ ਡਿਪਟੀ ਮੇਅਰ ਨੇ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਮਾਜਿਕ ਸਮਾਨਤਾ ਲਈ ਡਾ. ਅੰਬੇਡਕਰ ਵੱਲੋਂ ਪਾਏ ਯੋਗਦਾਨ ਲਈ ਦੇਸ਼ ਅਤੇ ਸਮਾਜ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਡਾ. ਭੀਮ ਰਾਓ ਅੰਬੇਡਕਰ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਜਾਤ-ਪਾਤ ਦੇ ਖ਼ਾਤਮੇ ਲਈ ਸਮਾਜ ਨੂੰ ਇਕ ਲੜੀ ਵਿੱਚ ਪਰੋਅ ਕੇ ਆਪਸੀ ਭਾਈਚਾਰੇ ਦਾ ਸੁਨੇਹਾ ਦਿੱਤਾ ਸੀ ਪ੍ਰੰਤੂ ਅੱਜ ਕੁੱਝ ਫਿਰਕੂ ਤਾਕਤਾਂ ਜਾਤ-ਪਾਤ ਅਤੇ ਧਰਮ ਦੇ ਆਧਾਰ ’ਤੇ ਲੋਕਾਂ ਵਿੱਚ ਵੰਡੀਆਂ ਪਾਉਣ ਦਾ ਯਤਨ ਕਰ ਰਹੀਆਂ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਡਾ. ਅੰਬੇਡਕਰ ਦੇ ਮਿਸ਼ਨ ਨੂੰ ਅੱਗੇ ਤੋਰਨਾ ਹਰ ਦੇਸ਼ ਵਾਸੀ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਨੇ ਨਗਰ ਨਿਗਮ ਦੇ ਸਮੂਹ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਡਾ. ਅੰਬੇਡਕਰ ਦੇ ਜਨਮ ਦਿਹਾੜੇ ਦੀ ਵਧਾਈ ਵੀ ਦਿੱਤੀ। ਇਸ ਮੌਕੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ (ਸਰਪੰਚ), ਜਨਰਲ ਸਕੱਤਰ ਪਵਨ ਗੋਡਯਾਲ, ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਸੋਭਾ ਰਾਮ, ਰਾਜਨ ਚਾਵਰੀਆ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਵੱਲੋਂ ਲੇਬਰ ਚੌਕ ਵਿੱਚ ਰੈਲੀ
ਖਰੜ (ਪੱਤਰ ਪ੍ਰੇਰਕ): ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ (ਸੀਟੂ) ਖਰੜ ਦੇ ਮਜ਼ਦੂਰਾਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਉੱਤੇ ਲੇਬਰ ਚੌਕ ਵਿੱਚ ਇੱਕ ਰੈਲੀ ਕੀਤੀ ਗਈ। ਸੁਰਿੰਦਰ ਸਿੰਘ ਬਡਾਲਾ ਦੀ ਅਗਵਾਈ ਹੇਠ ਇਕੱਠੇ ਹੋਏ ਮਜ਼ਦੂਰਾਂ ਨੂੰ ਜ਼ਿਲ੍ਹਾ ਮੁਹਾਲੀ ਸੀਟੂ ਦੇ ਜਨਰਲ ਸਕੱਤਰ ਦਿਨੇਸ਼ ਪ੍ਰਸਾਦ ਅਤੇ ਲੇਬਰ ਚੌਕ ਵਿੱਚ ਕੰਮ ਕਰਦੀ ਮਜ਼ਦੂਰ ਜਥੇਬੰਦੀ ਦੇ ਸਕੱਤਰ ਹਰਨਾਮ ਸਿੰਘ ਡੱਲਾ ਨੇ ਸੰਬੋਧਨ ਕੀਤਾ ਅਤੇ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸੇ ਦੌਰਾਨ ਬੁੱਧਵਾਰ ਨੂੰ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੂ ਮਾਜਰਾ (ਖਰੜ) ਵਿੱਚ ਡਾ. ਬੀ.ਆਰ. ਅੰਬੇਡਕਰ ਦੇ 131ਵੇਂ ਜਨਮ ਦਿਵਸ ਦੇ ਸਬੰਧ ਵਿਚ ਪੰਜਾਬੀ ਵਿਭਾਗ ਤੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਜਗਜੀਤ ਕੌਰ ਨੇ ਕਿਹਾ ਕਿ ਡਾ. ਅੰਬੇਡਕਰ ਦੀ ਸਮੁੱਚੇ ਭਾਰਤੀ ਸਮਾਜ ਨੂੰ ਵੱਡੀ ਦੇਣ ਹੈ ਅਤੇੇ ਉਨ੍ਹਾਂ ਨੇ ਸਮਾਜ ਦੇ ਹਾਸ਼ੀਆਗਤ ਵਰਗ ਦੇ ਅਧਿਕਾਰਾਂ ਦੀ ਲਈ ਆਵਾਜ਼ ਉਠਾਈ। ਸੈਮੀਨਾਰ ਵਿਚ ਪ੍ਰੋ. ਜਸਪਾਲ ਕੌਰ, ਵੀਰਪਾਲ ਕੌਰ, ਅਮਨਦੀਪ ਕੌਰ ਤੇ ਕਰਮਨ ਸਿੰਘ ਨੇ ਡਾ. ਅੰਬੇਡਕਰ ਦੀ ਸਖਸ਼ੀਅਤ ਬਾਰੇ ਵਿਚਾਰ ਸਾਂਝੇ ਕੀਤੇ। ਭਾਸ਼ਣ ਮੁਕਾਬਲਿਆਂ ਵਿਚ ਚੇਤਨਪ੍ਰੀਤ ਸਿੰਘ, ਨਿਰਮਲ ਸੰਧੂ, ਅਰਸ਼ਦੀਪ ਸਿੰਘ, ਗੁਰਦੀਪ ਕੌਰ ਤੇ ਹਰਵਿੰਦਰ ਕੌਰ ਜਦਕਿ ਕੁਇੱਜ਼ ਵਿੱਚ ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਕੌਰ, ਸੁਖਜੀਤ ਸਿੰਘ, ਅਵਨੀਤ ਹੰਸ, ਚੇਤਨਪ੍ਰੀਤ ਸਿੰਘ ਤੇ ਅਮਰਿੰਦਰ ਸਿੰਘ ਨੇ ਹਿੱਸਾ ਲਿਆ।