ਅਤਰ ਸਿੰਘ
ਡੇਰਾਬੱਸੀ, 6 ਮਾਰਚ
ਘਰੇਲੂ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਦੇ ਸਿਲੰਡਰਾਂ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਕਰਨ ’ਤੇ ਭਾਵੇਂ ਕਿ ਸਰਕਾਰ ਨੇ ਸਖਤ ਪਾਬੰਦੀ ਲਗਾਈ ਹੋਈ ਹੈ ਪਰ ਡੇਰਾਬੱਸੀ ਖੇਤਰ ਵਿਚ ਖੁੱਲ੍ਹ ਕੇ ਘਰੇਲੂ ਗੈਸ ਸਿਲੰਡਰਾਂ ਦੀ ਵਪਾਰਕ ਕੰਮਾਂ ਵਿੱਚ ਵਰਤੋਂ ਹੋ ਰਹੀ ਹੈ ਪਰ ਸਥਾਨਕ ਪ੍ਰਸ਼ਾਸਨ ਤੇ ਸਬੰਧਤ ਵਿਭਾਗ ਇਸ ਪੱਖੋਂ ਅਣਜਾਣ ਜਾਪਦੇ ਹਨ। ਡੇਰਾਬੱਸੀ ਹਲਕੇ ਵਿਚ ਵੱਖ-ਵੱਖ ਥਾਈਂ ਵਪਾਰਕ ਉਦੇਸ਼ਾਂ ਲਈ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਵਰਤੋਂ ਹੁੰਦੇ ਆਮ ਦੇਖੀ ਜਾ ਸਕਦੀ ਹੈ। ਨਿਯਮਾਂ ਅਨੁਸਾਰ ਸਰਕਾਰ ਨੇ ਦੁਕਾਨਦਾਰਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਮਾਲਕਾਂ ਵੱਲੋਂ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਵਰਤੋਂ ਕੀਤੇ ਜਾਣ ’ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ ਪਰ ਫਿਰ ਵੀ ਵੱਡੀ ਗਿਣਤੀ ਦੁਕਾਨਦਾਰ ਤੇ ਕਾਰੋਬਾਰੀ ਅਦਾਰੇ ਸ਼ਰੇਆਮ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਵਰਤੋਂ ਕਰ ਰਹੇ ਹਨ। ਸੁਤਰਾਂ ਅਨੁਸਾਰ ਘਰੇਲੂ ਅਤੇ ਵਪਾਰਕ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵੱਡਾ ਫਰਕ ਹੋਣ ਕਾਰਨ ਵਪਾਰਕ ਕੰਮਾਂ ਵਿੱਚ ਘਰੇਲੂ ਸਿਲੰਡਰਾਂ ਦੀ ਧੜੱਲੇ ਨਾਲ ਵਰਤੋਂ ਕੀਤੀ ਜਾਂਦੀ ਹੈ। ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਦੁਕਾਨਦਾਰਾਂ, ਰੈਸਟੋਰੈਂਟ ਮਾਲਕਾਂ, ਸੜਕ ਕੰਢੇ ਖੜ੍ਹੇ ਰੇਹੜੀਆਂ-ਫੜ੍ਹੀਆਂ ਵਾਲਿਆਂ ਅਤੇ ਹੋਰ ਵਪਾਰਕ ਅਦਾਰਿਆਂ ’ਚ ਖੁਲ੍ਹੇਆਮ ਵਰਤੋਂ ਕੀਤੀ ਜਾ ਰਹੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਜ਼ਿਲ੍ਹਾ ਖੁਰਾਕ ਅਤੇ ਸਪਲਾਈ ਅਧਿਕਾਰੀ ਸ਼ੈਫਾਲੀ ਚੋਪੜਾ ਨੇ ਕਿਹਾ ਕਿ ਘਰੇਲੂ ਰਸੋਈ ਗੈਸ ਸਿਲੰਡਰ ਦੀ ਵਰਤੋਂ ਵਪਾਰਕ ਕੰਮਾਂ ਲਈ ਕਰਨਾ ਗੈਰ-ਕਾਨੂੰਨੀ ਹੈ। ਛੇਤੀ ਹੀ ਵਿਭਾਗ ਵੱਲੋਂ ਇਕ ਟੀਮ ਬਣਾ ਕੇ ਚੈਕਿੰਗ ਕਰਵਾਈ ਜਾਵੇਗੀ ਅਤੇ ਜੇਕਰ ਕੋਈ ਗੈਰ-ਕਾਨੂੰਨੀ ਢੰਗ ਨਾਲ ਘਰੇਲੂ ਗੈਸ ਸਿਲੰਡਰ ਦੀ ਵਰਤੋਂ ਵਪਾਰਕ ਕੰਮਾਂ ਲਈ ਕਰਦਾ ਪਾਇਆ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।