ਮੁਕੇਸ਼ ਕੁਮਾਰ
ਚੰਡੀਗੜ੍ਹ, 15 ਨਵੰਬਰ
ਆਰਥਿਕ ਸੰਕਟ ਕਾਰਨ ਇੱਕ ਇੱਕ ਪੈਸੇ ਲਈ ਮੁਥਾਜ ਚੰਡੀਗੜ੍ਹ ਨਗਰ ਨਿਗਮ ਨੂੰ ਦੀਵਾਲੀ ਦੌਰਾਨ ਲਗਾਈਆਂ ਆਰਜ਼ੀ ਫੜ੍ਹੀਆਂ ਤੋਂ ਇਕੱਠੀ ਕੀਤੀ ਗਈ ਤਹਬਿਜ਼ਾਰੀ ਫੀਸ ਤੋਂ ਉਮੀਦ ਤੋਂ ਜ਼ਿਆਦਾ ਕਮਾਈ ਹੋਈ ਹੈ। ਖਾਲੀ ਖਜ਼ਾਨੇ ਕਾਰਨ ‘ਵੈਂਟੀਲੇਟਰ’ ’ਤੇ ਚਲ ਰਹੇ ਨਗਰ ਨਿਗਮ ਲਈ ਇਸ ਦੀਵਾਲੀ ਸੀਜ਼ਨ ਨੇ ਇੱਕ ਤਰ੍ਹਾਂ ਨਾਲ ‘ਆਕਸੀਜ਼ਨ’ ਦਾ ਕੰਮ ਕੀਤਾ ਹੈ।
ਸੂਤਰਾਂ ਅਨੁਸਾਰ ਨਗਰ ਨਿਗਮ ਨੂੰ ਦੀਵਾਲੀ ਉੱਤੇ ਫੜ੍ਹੀਆਂ ਲਗਾਉਣ ਦੀ ਫੀਸ ਤੋਂ ਲਗਪਗ 32 ਲੱਖ ਰੁਪਏ ਦੀ ਰਿਕਾਰਡ ਕਮਾਈ ਹੋਈ ਹੈ, ਜਦੋਂ ਕਿ ਇਸਤੋਂ ਪਹਿਲਾਂ ਨਗਰ ਨਿਗਮ ਅਧਿਕਾਰੀਆਂ ਵਲੋਂ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਕਰੋਨਾ ਕਾਲ ਕਾਰਨ ਇਸ ਫੈਸਟੀਵਲ ਸੀਜ਼ਨ ਵਿੱਚ ਘੱਟ ਹੀ ਲੋਕ ਰੁਚੀ ਦਿਖਾਉਣਗੇ। ਪਰ ਆਰਜ਼ੀ ਫੜ੍ਹੀਆਂ ਤੋਂ ਕੂਪਨ ਵੇਚਕੇ ਨਿਗਮ ਨੇ 32 ਲੱਖ ਰੁਪਏ ਤੋਂ ਵਧ ਦੀ ਕਮਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਨੂੰ ਇਸਤੋਂ ਪਹਿਲਾਂ ਦੀਵਾਲੀ ਦੇ ਮੌਕੇ ਲਗਾਈਆਂ ਜਾਣ ਵਾਲੀਆਂ ਆਰਜ਼ੀ ਫੜ੍ਹੀਆਂ ਦੀ ਫੀਸ ਤੋਂ ਇੰਨੀ ਕਮਾਈ ਕਦੇ ਨਹੀਂ ਹੋਈ। ਹਾਲਾਂਕਿ ਨਗਰ ਨਿਗਮ ਵਲੋਂ ਖੁੱਲ੍ਹੇ ਦਿਲ ਨਾਲ ਆਰਜ਼ੀ ਫੜ੍ਹੀਆਂ ਲਗਾਉਣ ਲਈ ਕੱਟੇ ਗਏ ਕੁੂਪਨਾਂ ਕਾਰਨ ਸ਼ਹਿਰ ਦੀਆਂ ਮੁੱਖ ਮਾਰਕੀਟਾਂ ਸਮੇਤ ਹੋਰ ਭੀੜ ਭਾੜ ਵਾਲੇ ਸੈਕਟਰਾਂ ਵਿੱਚ ਫੜ੍ਹੀਆਂ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰ ਨਿਗਮ ਫੜ੍ਹੀਆਂ ਤੋਂ ਤਹਬਿਜ਼ਾਰੀ ਤਹਿਤ ਇਕੱਤਰ ਕੀਤੀ ਗਈ ਫੀਸ ਨਾਲ ਖਾਲੀ ਖਜ਼ਾਨਾ ਭਰਨ ਵਿੱਚ ਕੁੱਝ ਹੱਦ ਤੱਕ ਸਫਲ ਰਿਹਾ ਹੈ। ਨਗਰ ਨਿਗਮ ਨੇ ਸ਼ਹਿਰ ਦੇ ਇੱਕ ਤੋਂ 6 ਸੈਕਟਰ ਤੱਕ ਦੇ ਇਲਾਕਿਆਂ ਅਤੇ ਸੈਕਟਰ 17 ਸਥਿਤ ਪਲਾਜ਼ਾ ਦੇ ਏਰੀਏ ਦੇ ਨੋ ਵੈਂਡਿੰਗ ਜ਼ੋਨ ਨੂੰ ਛੱਡ ਕੇ ਦੀਵਾਲੀ ਮੌਕੇ ਹਰ ਥਾਂ ’ਤੇ ਫੜ੍ਹੀਆਂ ਲਗਾਉਣ ਦੀ ਮਨਜ਼ੂਰੀ ਦਿੱਤੀ ਸੀ। ਨਗਰ ਨਿਗਮ ਨੇ ਇਸ ਵਾਰ ਮਨਜ਼ੂਰੀ ਦੇਣ ਲਈ ਸੈਕਟਰ 16, ਸੈਕਟਰ 19, ਮਨੀਮਾਜਰਾ ਅਤੇ ਸੈਕਟਰ 46 ਦੇ ਕਮਿਊਨਿਟੀ ਸੈਂਟਰਾਂ ’ਚ ਸੈਂਟਰ ਬਣਾਏ ਸਨ।