ਸਰਬਜੀਤ ਸਿੰਘ ਭੱਟੀ
ਲਾਲੜੂ, 18 ਜੁਲਾਈ
ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਗੋਲਡਨ ਫੋਰੈਸਟ ਦੀ ਹਜ਼ਾਰਾਂ ਏਕੜ ਜ਼ਮੀਨ ’ਤੇ ਦੋ-ਢਾਈ ਦਹਾਕਿਆਂ ਤੋਂ ਕੁੱਝ ਸਿਆਸੀ ਰਸੂਖ਼ਦਾਰਾਂ ਦਾ ਕਥਿਤ ਨਾਜਾਇਜ਼ ਕਬਜ਼ਾ ਹੈ ਅਤੇ ਉਹ ਉਕਤ ਜ਼ਮੀਨ ਬੀਜ ਕੇ ਹੁਣ ਤੱਕ ਕਰੋੜਾਂ ਰੁਪਏ ਦੀ ਕਮਾਈ ਕਰ ਚੁੱਕੇ ਹਨ ਪਰ ਐੱਸ.ਡੀ.ਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਦੇ 27 ਜੂਨ 2022 ਨੂੰ ਕੱਢੇ ਪੱਤਰ ਨੰਬਰ: 1022/ਸ ਰਾਹੀਂ ਤਹਿਸੀਲਦਾਰ, ਡੇਰਾਬੱਸੀ ਨੂੰ ਕਿਹਾ ਗਿਆ ਸੀ ਕਿ ਕੰਪਨੀ ਦੀ ਜ਼ਮੀਨ ਉਪਰ ਨਾਜਾਇਜ਼ ਕਬਜ਼ਾਧਾਰਕਾਂ ਨੂੰ ਮੁਨਿਆਦੀ ਕਰਵਾ ਕੇ ਸੁੂਚਿਤ ਕੀਤਾ ਜਾਵੇ ਕਿ ਕੋਈ ਵੀ ਵਿਅਕਤੀ ਕੰਪਨੀ ਦੀ ਜ਼ਮੀਨ ’ਤੇ ਕਬਜ਼ਾ ਨਾ ਕਰੇ ਅਤੇ ਨਾ ਵਾਹੀ ਕਰੇ, ਜੇਕਰ ਕਿਸੇ ਵਿਅਕਤੀ ਵੱਲੋਂ ਕੰਪਨੀ ਦੀ ਜ਼ਮੀਨ ’ਤੇ ਕਬਜ਼ਾ ਜਾਂ ਵਾਹੀ ਕੀਤੀ ਗਈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐੱਸਡੀਐੱਮ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਪਿੰਡਾਂ ਅੰਦਰ ਸਿਆਸੀ ਰਸੂਖਦਾਰਾਂ ਨੇ ਮੁੜ ਗੋਲਡਨ ਫੋਰੈਸਟ ਦੀ ਜ਼ਮੀਨ ’ਤੇ ਕਬਜ਼ੇ ਕਰ ਕੇ ਵਾਹੀ ਕਰ ਲਈ, ਕਈ ਥਾਵਾਂ ’ਤੇ ਝੋਨਾ ਲਾ ਦਿੱਤਾ ਗਿਆ। ਪਿੰਡਾਂ ਦੇ ਲੋਕਾਂ ਨੇ ਸਥਾਨਕ ਪੁਲੀਸ ਕੋਲ ਸ਼ਿਕਾਇਤਾਂ ਵੀ ਕੀਤੀਆਂ ਅਤੇ ਪੁਲੀਸ ਨੇ ਮੌਕੇ ’ਤੇ ਜਾ ਕੇ ਨਾਜਾਇਜ਼ ਕਬਜ਼ੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਨ੍ਹਾਂ ਦੀ ਕਾਰਵਾਈ ਕੋਈ ਅਸਰ ਨਹੀਂ ਵਿਖਾ ਸਕੀ।
ਜ਼ਮੀਨ ’ਤੇ ਵਾਹੀ ਤੇ ਬਿਜਾਈ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ: ਐੱਸਡੀਐੱਮ
ਐੱਸਡੀਐੱਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਗੋਲਡਨ ਫੋਰੈਸਟ ਜ਼ਮੀਨ ਦੀ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਪੰਜਾਬ ਸਰਕਾਰ ਦੀ ਮਾਲਕੀ ਹੈ ਅਤੇ ਕਬਜ਼ੇ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਉਨ੍ਹਾਂ ਕੰਪਨੀ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਤੇ ਵਾਹੀ ਰੋਕਣ ਲਈ ਪੱਤਰ ਕੱਢਿਆ ਸੀ ਤੇ ਗੁਰਦੁਆਰੇ, ਮੰਦਰਾਂ ਵਿੱਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਸੂੁਚਿਤ ਵੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਜ਼ਮੀਨ ’ਤੇ ਵਾਹੀ ਤੇ ਖੇਤੀ ਕਰਨ ਦੀ ਇਜਾਜ਼ਤ ਮਾਲ ਵਿਭਾਗ ਜਾਂ ਸਰਕਾਰ ਦੇ ਕਿਸੇ ਅਧਿਕਾਰੀ ਵੱਲੋਂ ਨਹੀਂ ਦਿੱਤੀ ਗਈ, ਉਕਤ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਅਤੇ ਅਦਾਲਤੀ ਹੁਕਮਾਂ ਮੁਤਾਬਕ ਉਕਤ ਜ਼ਮੀਨ ’ਤੇ ਵਾਹੀ ਤੇ ਬਿਜਾਈ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।