ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 22 ਅਪਰੈਲ
ਬਨੂੜ-ਤੇਪਲਾ ਕੌਮੀ ਮਾਰਗ ਉੱਤੇ ਪੈਂਦੇ ਪਿੰਡ ਬਾਸਮਾਂ ਵਿਚ ਸਥਿਤ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਟਡ ਕੰਪਨੀ ਵੱਲੋਂ ਨੌਕਰੀ ਤੋਂ ਹਟਾਏ 804 ਕਾਮਿਆਂ ਨੇ ਅੱਜ ਮੁਹਾਲੀ ਵਿਚ ਕਿਰਤ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੈਲੀ ਕੀਤੀ। ਇਸ ਮੌਕੇ ਕਿਸਾਨ ਤੇ ਟਰੇਡ ਯੂਨੀਅਨਾਂ, ਪੰਚਾਇਤਾਂ ਅਤੇ ਹੋਰ ਜਥੇਬੰਦੀਆਂ ਨੇ ਧਰਨਾਕਾਰੀਆਂ ਦੀ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ 26 ਅਪਰੈਲ ਤੋਂ ਫੈਕਟਰੀ ਦੇ ਗੇਟ ਸਾਹਮਣੇ ਕੌਮੀ ਮਾਰਗ ਉੱਤੇ ਅਣਮਿੱਥੇ ਸਮੇਂ ਲਈ ਜਾਮ ਲਾਏ ਜਾਣ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਏਟਕ ਪੰਜਾਬ ਦੇ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਉੱਪ ਪ੍ਰਧਾਨ ਵਿਨੋਦ ਚੁੱਘ, ਸਕੱਤਰ ਸੁਖਦੇਵ ਸ਼ਰਮਾ, ਗੁਰਦੇਵ ਸਿੰਘ ਰੋਪੜ, ਅੰਗਰੇਜ਼ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕਾਮਰੇਡ ਦੇਵੀ ਦਿਆਲ ਸ਼ਰਮਾ ਚੰਡੀਗੜ੍ਹ, ਕਾਮਰੇਡ ਰਾਜ ਕੁਮਾਰ ਜਨਰਲ ਸਕੱਤਰ ਏਟਕ ਚੰਡੀਗੜ੍ਹ, ਰਾਜ ਕੁਮਾਰ ਤਿਵਾੜੀ ਰੋਪੜ, ਨਰਿੰਦਰ ਸਿੰਘ ਜਨਰਲ ਸਕੱਤਰ ਪੀਐੱਸਈਬੀ ਪੰਜਾਬ ਏਟਕ, ਬ੍ਰਿਜ ਮੋਹਨ ਸ਼ਰਮਾ ਖਰੜ, ਸੁਰਿੰਦਰ ਸਿੰਘ ਲਹੌਰੀਆ, ਅਮਰਜੀਤ ਸਿੰਘ ਘਨੌਰ, ਕਾਮਰੇਡ ਸੱਜਣ ਸਿੰਘ ਪ੍ਰਧਾਨ ਸੀਟੂ ਚੰਡੀਗੜ੍ਹ, ਹਰਭਜਨ ਸਿੰਘ ਪਿਲਖ਼ਣੀ, ਪ੍ਰਿੰਸ ਸ਼ਰਮਾ ਤੇ ਕਮਲਦੀਪ ਸੈਣੀ ਆਦਿ ਨੇ ਸੰਬੋਧਨ ਕੀਤਾ।
ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਅਤੇ ਫੈਕਟਰੀ ਪ੍ਰਬੰਧਕ ਕਾਮਿਆਂ ਦੀ ਹੱਕੀ ਮੰਗਾਂ ਮੰਨਣ ਤੋਂ ਆਨਾ-ਕਾਨੀ ਕਰ ਰਹੇ ਹਨ। ਇਸ ਸਬੰਧੀ ਇਲਾਕਾ ਵਾਸੀਆਂ ਵੱਲੋਂ ਤਿੰਨ ਵਿਧਾਇਕਾਂ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ। ਧਰਨਾਕਾਰੀਆਂ ਨੇ ਆਖਿਆ ਕਿ ਕਿਰਤੀਆਂ ਦੀ ਯੂਨੀਅਨ ਵੀ ਕਿਰਤ ਵਿਭਾਗ ਰਜਿਸਟਰਡ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ 26 ਅਪਰੈਲ ਤੋਂ ਕੌਮੀ ਮਾਰਗ ’ਤੇ ਲੱਗਣ ਵਾਲਾ ਜਾਮ ਅਣਮਿੱਥੇ ਸਮੇਂ ਲਈ ਲਾਇਆ ਜਾਵੇਗਾ।