ਪੱਤਰ ਪ੍ਰੇਰਕ
ਚੰਡੀਗੜ੍ਹ, 31 ਅਕਤੂਬਰ
ਚੰਡੀਗੜ੍ਹ ਦੇ ਵੱਖ-ਵੱਖ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਐਨ.ਐਚ.ਐਮ. ਸਕੀਮ ਤਹਿਤ ਕੰਮ ਕਰਦੇ ਆ ਰਹੇ ਸਿਹਤ ਕਾਮਿਆਂ ਦੀ ਨੌਕਰੀ ਤੋਂ ਬਰਖਾਸਤਗੀ ਉਪਰੰਤ ਜੀਐਮਐਸਐਚ-16 ਦੇ ਬਾਹਰ ਧਰਨਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਕਰੋਨਦੇ ਦੌਰਾਨ ਪ੍ਰਸ਼ਾਸਨ ਵੱਲੋਂ ਐਲਾਨੇ ਗਏ ਕਰੋਨਾ ਯੋਧੇ ਦੀਵਾਲ਼ੀ ਦੇ ਤਿਉਹਾਰ ਤੋਂ ਹਫ਼ਤਾ ਪਹਿਲਾਂ ਪ੍ਰਸ਼ਾਸਨ ਦੇ ਸਖ਼ਤ ਰੁਖ ਕਰਕੇ ਨੌਕਰੀਆਂ ਗੁਆ ਬੈਠੇ ਹਨ ਤੇ ਜੀ.ਐਮ.ਐਸ.ਐਚ.-16 ਦੇ ਬਾਹਰ ਸੜਕ ਕਿਨਾਰੇ ਬੈਠ ਕੇ ਆਪਣੀ ਨੌਕਰੀ ਬਹਾਲੀ ਸਮੇਤ ਹੋਰ ਮੰਗਾਂ ਪੂਰੀਆਂ ਦੀ ਮੰਗ ਕਰ ਰਹੇ ਹਨ। ਕਾਮਿਆਂ ਨੇ ਅੱਜ ਵੀ ਹੱਥਾਂ ਵਿੱਚ ਮੰਗਾਂ ਸਬੰਧੀ ਤਖ਼ਤੀਆਂ ਫੜ ਕੇ ਯੂ.ਟੀ. ਪ੍ਰਸ਼ਾਸਨ ਤੇ ਸਿਹਤ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਆਲ ਕੰਟਰੈਕਟ ਕਰਮਚਾਰੀ ਸੰਘ ਤੋਂ ਪ੍ਰਭੂਨਾਥ ਸ਼ਾਹੀ, ਸ਼ਿਵ ਮੂਰਤ, ਬ੍ਰਾਹਮਣ ਸਮਾਜ ਸੋਸਾਇਟੀ ਤੋਂ ਹਰਸ਼ ਵਰਧਨ ਸ਼ਾਸਤਰੀ, ਭਾਰਤੀ ਮਜ਼ਦੂਰ ਸੰਘ ਤੋਂ ਬੱਦਰੀ ਪ੍ਰਸਾਦ ਕੌਸ਼ਿਕ ਨੇ ਵੀ ਸਮਰਥਨ ਦਿੱਤਾ। ਪ੍ਰੈੱਸ ਸਕੱਤਰ ਮਹਾਂਵੀਰ ਸਿੰਘ ਨੇ ਦੱਸਿਆ ਕਿ ਅੱਜ ਐਤਵਾਰ ਦਾ ਦਿਨ ਹੋਣ ਕਰਕੇ ਯੂਨੀਅਨ ਨੂੰ ਕਿਸੇ ਉੱਚ ਅਧਿਕਾਰੀ ਨਾਲ ਮੁਲਾਕਾਤ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਧਰਨਾਕਾਰੀ ਸਿਹਤ ਕਾਮੇ ਉਮੀਦ ਕਰਦੇ ਹਨ ਕਿ ਭਲਕੇ 1 ਨਵੰਬਰ ਨੂੰ ਯੂ.ਟੀ. ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਆਈ.ਏ.ਐਸ. ਨਾਲ ਉਨ੍ਹਾਂ ਦੀ ਮੁਲਾਕਾਤ ਹੋ ਜਾਵੇ ਅਤੇ ਦੀਵਾਲੀ ਤੋਂ ਪਹਿਲਾਂ ਕੱਢੇ ਹੋਏ 178 ਕਮਿਆਂ ਦੀ ਨੌਕਰੀ ਬਹਾਲੀ ਕੀਤੀ ਜਾਵੇ ਤੇ ਹੋਰ ਜਾਇਜ਼ ਮੰਗਾਂ ’ਤੇ ਅਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਭਲਕੇ ਸੋਮਵਾਰ ਨੂੰ ਪੰਜ ਸਿਹਤ ਕਾਮੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਭੁੱਖ ਹੜਤਾਲ ’ਤੇ ਬੈਠਣਗੇ।