ਚੰਡੀਗੜ੍ਹ: ਸਾਹਿਤ ਚਿੰਤਨ ਚੰਡੀਗੜ੍ਹ ਵੱਲੋਂ ਹਰਵਿੰਦਰ ਭੰਡਾਲ ਦੀ ਨਵ-ਪ੍ਰਕਾਸ਼ਤ ਪੁਸਤਕ ‘ਮਾਰਕਸਵਾਦ, ਰਾਸ਼ਟਰਵਾਦ ਤੇ ਇਨਕਲਾਬ’ ਬਾਰੇ ਚਰਚਾ ਕਰਵਾਈ ਗਈ। ਸ੍ਰੀ ਜੋਗਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਬਸਤੀਵਾਦੀ ਗੁਲਾਮੀ ਦੀ ਸੋਚ ਤਿਆਗਣੀ ਪਵੇਗੀ। ਅਭੈ ਸਿੰਘ ਸੰਧੂ ਨੇ ਕਿਹਾ ਕਿ ਸਭ ਦੀਆਂ ਪਦਾਰਥਕ ਲੋੜਾਂ ਕਦੇ ਪੂਰੀਆਂ ਨਹੀਂ ਹੋ ਸਕਦੀਆਂ। ਜਸਵੰਤ ਸਿੰਘ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਲਈ ਭੁੱਖਾ ਬੰਦਾ ਭੁੱਖ ਹੜਤਾਲ ਵੀ ਨਹੀਂ ਕਰ ਸਕਦਾ। ਇਸੇ ਵਿੱਚੋਂ ਹਿੰਸਾ ਜਨਮ ਲੈਂਦੀ ਹੈ। ਡਾ. ਕਾਂਤਾ ਇਕਬਾਲ ਨੇ ਕਿਹਾ ਕਿ ਬੰਦੇ ਨੂੰ ਆਪਣੀਆਂ ਮੁੱਢਲੀਆਂ ਲੋੜਾਂ ਲਈ ਇਨਕਲਾਬ ਕਰਨਾ ਪਵੇਗਾ। ਜੋਗਿੰਦਰ ਸਿੰਘ ਨੇ ਬਹਿਸ ਦਾ ਉਤਰ ਦਿੰਦਿਆਂ ਕਿਹਾ ਕਿ ਕਿਸਾਨ ਅੰਦੋਲਨ ਨਾਲ ਸਿਰਫ ਤਿੰਨ ਕਾਲੇ ਖੇਤੀ ਕਾਨੂੰਨ ਹੀ ਵਾਪਸ ਹੋਏ ਹਨ, ਪੂੰਜੀਵਾਦ ਦਾ ਸੰਕਟ ਉਵੇਂ ਖੜ੍ਹਾ ਹੈ। ਆਰ.ਐੱਸ. ਬੈਂਸ ਨੇ ਕਿਹਾ ਕਿ ਇਨਕਲਾਬ ਕਰਨ ਦਾ ਕੋਈ ਸਿੱਧਾ ਫਾਰਮੂਲਾ ਨਹੀਂ ਹੈ। ਵਿਰੋਧ ਦੀ ਆਵਾਜ਼ ਨੂੰ ਵੀ ਥਾਂ ਮਿਲਣੀ ਚਾਹੀਦੀ ਹੈ। ਇਸ ਮੌਕੇ ਪ੍ਰਭਦੇਵ ਸਿੰਘ ਉਪਲ, ਪ੍ਰੋ . ਅਜਮੇਰ ਸਿੰਘ, ਸ਼ਿਵ ਨਾਥ, ਪੁਸ਼ਪਾ, ਯਸ਼ਪਾਲ, ਸਹਿਜ, ਗਿਆਨ ਚੰਦ, ਮਨਜਿੰਦਰ ਕਮਲ ਆਦਿ ਨੇ ਭਾਗ ਲਿਆ। -ਸਾਹਿਤ ਪ੍ਰਤੀਨਿਧ