ਆਤਿਸ਼ ਗੁਪਤਾ
ਚੰਡੀਗੜ੍ਹ, 9 ਨਵੰਬਰ
ਸਿਟੀ ਬਿਊਟੀਫੁੱਲ ਦੀ ਸੁੰਦਰਤਾ ਬਰਕਰਾਰ ਰੱਖਣ ਲਈ ਯੂਟੀ ਪ੍ਰਸ਼ਾਸਨ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਬਾਵਜੂਦ ਸ਼ਹਿਰ ਦੀ ਆਬੋ-ਹਵਾ ਸੁਧਰਨ ਦੀ ਥਾਂ ਹੋਰ ਵਿਗੜਦੀ ਜਾ ਰਹੀ ਹੈ ਜਿਸ ਨੂੰ ਸੁਧਾਰਨ ਲਈ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ। ਇਹ ਹਾਲ ਸਿਰਫ਼ ਚੰਡੀਗੜ੍ਹ ਦਾ ਨਹੀਂ ਬਲਕਿ ਨਾਲ ਲੱਗਦੇ ਮੁਹਾਲੀ ਅਤੇ ਪੰਚਕੂਲਾ ਦਾ ਵੀ ਹੈ। ਦੀਵਾਲੀ ਤੋਂ ਇਕ ਹਫ਼ਤਾ ਬਾਅਦ ਤੱਕ ਵੀ ਇੱਥੇ ਹਵਾ ਦੇ ਮਿਆਰ ਦੇ ਸੂਚਕ ਅੰਕ (ਏਕਿਊਆਈ) ਦੀ ਮਾਤਰਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚ ਚੁੱਕੀ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੰਗਲਵਾਰ ਨੂੰ ਚੰਡੀਗੜ੍ਹ ’ਚ ਸਵੇਰ ਸਮੇਂ ਏਕਿਊਆਈ 2.5 ਪੀਐਮ ਦੀ ਮਾਤਰਾ ਵਧ ਕੇ 125 ਦੇ ਕਰੀਬ ਸੀ ਜੋ ਕਿ ਦਿਨ ’ਚ ਵਧ ਕੇ 150 ਦਾ ਅੰਕੜਾ ਪਾਰ ਕਰ ਚੁੱਕੀ ਸੀ ਜਿਸ ਨੂੰ ਸਿਹਤ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਮੁਹਾਲੀ ਅਤੇ ਪੰਚਕੂਲਾ ’ਚ ਵੀ ਏਕਿਊਆਈ 2.5 ਪੀਐੱਮ ਦੀ ਮਾਤਰਾ 160 ਅਤੇ 152 ’ਤੇ ਪਹੁੰਚ ਗਈ ਸੀ ਜੋ ਆਮ ਲੋਕਾਂ ਲਈ ਘਾਤਕ ਸਾਬਤ ਹੋ ਸਕਦੀ ਹੈ।
ਵਾਤਾਵਰਨ ਮਾਹਿਰਾਂ ਦਾ ਮੰਨਣਾ ਹੈ ਕਿ ਦੀਵਾਲੀ ਨੂੰ ਵੱਡੀ ਗਿਣਤੀ ’ਚ ਪਟਾਕੇ ਚੱਲਣ ਕਾਰਨ ਅਤੇ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਕਰਕੇ ਹਵਾ ਪ੍ਰਦੂਸ਼ਣ ਵਧਦਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟ੍ਰਾਈਸਿਟੀ ’ਚ ਮੀਂਹ ਪੈਣ ਤੋਂ ਬਾਅਦ ਹੀ ਹਵਾ ਵਿੱਚੋਂ ਪ੍ਰਦੂਸ਼ਣ ਦੇ ਕਣਾਂ ਦਾ ਖਾਤਮਾ ਹੋ ਸਕਦਾ ਹੈ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੀ ਆਬੋ ਹਵਾ ਸੁਧਾਰਨ ਲਈ ਸੈਕਟਰ 26 ਟਰਾਂਸਪੋਰਟ ਚੌਕ ’ਚ ਹਵਾ ਸ਼ੁੱਧੀਕਰਨ ਕੇਂਦਰ ਵੀ ਸਥਾਪਤ ਕੀਤਾ ਹੈ ਜੋ ਆਲੇ-ਦੁਆਲੇ ਦੇ 500 ਮੀਟਰ ਦੇ ਦਾਇਰੇ ’ਚ ਹਵਾ ਨੂੰ ਸਾਫ਼ ਕਰਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਦਾਅਵਾ ਸੀ ਕਿ ਹਵਾ ਦੇ ਸਾਫ਼ ਹੋਣ ਨਾਲ ਸ਼ਹਿਰ ਦਾ ਤਾਪਮਾਨ ਵੀ 5 ਤੋਂ 7 ਡਿਗਰੀ ਸੈਲਸੀਅਸ ਘੱਟ ਜਾਵੇਗੀ। ਇਸ ਦੇ ਸ਼ੁਰੂਆਤੀ ਦਿਨਾਂ ’ਚ ਬਹੁਤ ਵਧੀਆ ਨਤੀਜੇ ਸਾਹਮਣੇ ਆਏ ਸਨ ਪਰ ਹੁਣ ਪ੍ਰਦੂਸ਼ਣ ਬਹੁਤ ਵਧ ਗਿਆ। ਇਸ ਤੋਂ ਇਲਾਵਾ ਯੂਟੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਲੋਕਾਂ ਨੂੰ ਸਮੇਂ-ਸਮੇਂ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਰੱਖਣ ਲਈ ਦਸਹਿਰੇ ਅਤੇ ਦੀਵਾਲੀ ਸਣੇ ਹੋਰਨਾਂ ਤਿਉਹਾਰਾਂ ਦੇ ਸਮੇਂ ਪਟਾਕਿਆਂ ਦੀ ਵਰਤੋਂ ’ਤੇ ਪਾਬੰਦੀ ਲਗਾਈ ਦਿੱਤੀ ਸੀ। ਇਸ ਦੇ ਬਾਵਜੂਦ ਲੋਕਾਂ ਨੇ ਦਸਹਿਰੇ ਅਤੇ ਦੀਵਾਲੀ ਨੂੰ ਭਾਰੀ ਮਾਤਰਾ ’ਚ ਪਟਾਕੇ ਚਲਾਏ ਸਨ। ਦੀਵਾਲੀ ਨੂੰ ਸ਼ਹਿਰ ’ਚ ਪ੍ਰਦੂਸ਼ਣ ਦੀ ਮਾਤਰਾ ਨੇ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਸੀ। ਉੱਧਰ ਪ੍ਰਸ਼ਾਸਨਿਕ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।