ਕੁਲਦੀਪ ਸਿੰਘ
ਚੰਡੀਗੜ੍ਹ, 5 ਜੂਨ
ਸੀਟੀਯੂ ਐਂਪਲਾਈਜ਼ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਅਤੇ ਮੀਟਿੰਗਾਂ ਕਰ ਕੇ ਅੱਜ ਯੂ.ਟੀ. ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦੁੱਮਣ ਸਿੰਘ ਨੂੰ ਐਸੋਸੀਏਸ਼ਨ ਦੀ ਸੈਕਟਰ 17 ਬੱਸ ਅੱਡੇ ਵਿੱਚ ਚੱਲ ਰਹੀ ਮੀਟਿੰਗ ਵਿੱਚ ਆਉਣ ਲਈ ਮਜਬੂਰ ਹੋਣਾ ਪਿਆ। ਭਾਵੇਂ ਕਿ 30 ਮਈ ਨੂੰ ਸੈਕਟਰ 43 ਸਥਿਤ ਬੱਸ ਅੱਡੇ ਵਿੱਚ ਮੀਟਿੰਗ ਦੌਰਾਨ ਡਾਇਰੈਕਟਰ ਨੇ ਕਈ ਮੰਗਾਂ ਮੰਨਣ ਦੀ ਹਾਮੀ ਭਰ ਦਿੱਤੀ ਸੀ ਪ੍ਰੰਤੂ ਆਗੂਆਂ ਦੀ ਮੰਗ ਸੀ ਕਿ ਡਾਇਰੈਕਟਰ ਖ਼ੁਦ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਆ ਕੇ ਪੈਨਸ਼ਨਰਾਂ ਨੂੰ ਆਪਣੇ ਮੂੰਹੋਂ ਇਸ ਬਾਰੇ ਦੱਸਣ।
ਸੈਕਟਰ-17 ਬੱਸ ਅੱਡੇ ਵਿੱਚ ਅੱਜ ਐਸੋਸੀਏਸ਼ਨ ਦੀ ਮੀਟਿੰਗ ’ਚ ਪਹੁੰਚੇ ਡਾਇਰੈਕਟਰ ਪ੍ਰਦੁੱਮਣ ਸਿੰਘ ਨੇ ਕਿਹਾ ਕਿ ਜਨਵਰੀ-2016 ਤੋਂ ਬਾਅਦ ਸੇਵਾਮੁਕਤ ਹੋਏ ਸੀਟੀਯੂ ਮੁਲਾਜ਼ਮਾਂ ਦੀ ਪੇਅ ਫਿਕਸੇਸ਼ਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਬਿਲ ਵੀ ਜਲਦੀ ਤੋਂ ਜਲਦੀ ਨਿਪਟਾਏ ਜਾਣਗੇ। ਉਨ੍ਹਾਂ ਕਿਹਾ ਕਿ, ‘‘ਬਜ਼ੁਰਗਾਂ ਦਾ ਤਜ਼ਰਬਾ ਬਹੁਤ ਜ਼ਰੂਰੀ ਹੈ ਅਤੇ ਵਿਭਾਗ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਸੀਟੀਯੂ ਦਫ਼ਤਰ ਨਾਲ ਸਬੰਧਤ ਕਿਸੇ ਵੀ ਕੰਮ ਵਿੱਚ ਦੇਰ ਨਾ ਹੋਵੇ।’’ ਭਵਿੱਖ ਵਿੱਚ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਬਾਰੇ ਡਾਇਰੈਕਟਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਸੇਵਾਮੁਕਤੀ ਪਾਰਟੀ ਵਾਲੇ ਦਿਨ ਹੀ ਪੈਨਸ਼ਨਰ ਨੂੰ ਸਾਰੇ ਲਾਭ ਦੇ ਦਿੱਤੇ ਜਾਣ।
ਇਸ ਤੋਂ ਪਹਿਲਾਂ ਮੀਟਿੰਗ ਨੂੰ ਸੀਟੀਯੂ ਐਂਪਲਾਈਜ਼ ਐਸੋਸੀਏਸ਼ਨ ਦੇ ਆਗੂਆਂ ਰਣਜੀਤ ਸਿੰਘ ਹੰਸ, ਇੰਸਪੈਕਟਰ ਭੁਪਿੰਦਰ ਸਿੰਘ, ਦਿਲਵਰ ਸਿੰਘ, ਗੁਰਸ਼ਰਨ ਸਿੰਘ, ਚਰਨਜੀਤ ਸਿੰਘ, ਭੁਪਿੰਦਰ ਸਿੰਘ ਰੰਗੀ, ਦਿਲਬਰ ਸਿੰਘ ਤੇ ਨਛੱਤਰ ਸਿੰਘ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਦਾ ਕੰਮ ਡਾਇਰੈਕਟਰ ਵੱਲੋਂ ਅੱਜ ਮਿਲੇ ਭਰੋਸੇ ਮੁਤਾਬਕ ਨਿਪਟ ਜਾਣਾ ਚਾਹੀਦਾ ਹੈ।
ਪੈਨਸ਼ਨਰਾਂ ਨੇ ਲੋਕਪਾਲ ਨੂੰ ਕੀਤੀ ਸ਼ਿਕਾਇਤ਼
ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ 15 ਦਸੰਬਰ 2015 ਤੱਕ ਸੇਵਾਮੁਕਤ ਹੋਏ ਪੈਨਸ਼ਨਰਾਂ ਨੂੰ ਸੋਧੀਆਂ ਹੋਈਆਂ ਪੈਨਸ਼ਨਾਂ ਨਾ ਦਿੱਤੇ ਜਾਣ ਤੋਂ ਪ੍ਰੇਸ਼ਾਨ ਪੈਨਸ਼ਨਰਾਂ ਦੀ ਸਮੱਸਿਆ ਸਬੰਧੀ ਐਸੋਸੀਏਸ਼ਨ ਵੱਲੋਂ ਬੈਂਕਾਂ ਦੇ ਲੋਕਪਾਲ ਨੂੰ ਉਨ੍ਹਾਂ ਦੇ ਸੈਕਟਰ 17 ਸਥਿਤ ਦਫ਼ਤਰ ਵਿੱਚ ਪੈਨਸ਼ਨ ਸੈੱਲ ਪੰਚਕੂਲਾ ਖ਼ਿਲਾਫ਼ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਇਸ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਬੈਂਕਾਂ ਵੱਲੋਂ ਪੈਨਸ਼ਨਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਹੈ।