ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 17 ਅਪਰੈਲ
ਗਲੋਬ ਪਿੰਡ ਵਿਚ ਬਦਲਦੇ ਮਨੁੱਖੀ ਸਬੰਧਾਂ ਨੂੰ ਪਰਿਭਾਸ਼ਿਤ ਕਰਨ ਲਈ ਪੰਜਾਬ ਸਾਹਿਤ ਅਕਾਦਮੀ ਵੱਲੋਂ ਇੱਥੇ ਕਲਾ ਭਵਨ ਵਿੱਚ ‘ਆਵਾਸ, ਪਰਵਾਸ ਅਤੇ ਅਹਿਸਾਸ’ ਵਿਸ਼ੇ ’ਤੇ ਕੌਮਾਂਤਰੀ ਸੰਵਾਦ ਰਚਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ‘ਸਿਰਜਣਾ’ ਮੈਗਜ਼ੀਨ ਦੇ ਸੰਪਾਦਕ ਅਤੇ ਅੱਜ-ਕੱਲ੍ਹ ਕੈਨੇਡਾ ਰਹਿ ਰਹੇ ਡਾ. ਰਘਬੀਰ ਸਿੰਘ ਸਿਰਜਣਾ ਨੇ ਕੀਤੀ। ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਮੁੱਖ ਮਹਿਮਾਨ ਅਤੇ ਜਪਾਨ ਰਹਿੰਦੇ ਪੰਜਾਬੀ ਸ਼ਾਇਰ ਪਰਮਿੰਦਰ ਸੋਢੀ ਅਤੇ ਆਸਟਰੇਲੀਆ ਵਸਦੀ ਸ਼ਾਇਰਾ ਹਰਕੀ ਵਿਰਕ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਅਕਾਦਮੀ ਪ੍ਰਧਾਨ ਡਾ. ਸਰਬਜੀਤ ਸੋਹਲ ਨੇ ਸੰਵਾਦ ਦਾ ਆਗਾਜ਼ ਕੀਤਾ। ਪਰਮਿੰਦਰ ਸੋਢੀ ਨੇ ਕਿਹਾ ਕਿ ਜਪਾਨ ਪਰਵਾਸ ਦੇ ਰਵਾਇਤੀ ਸੰਕਟਾਂ ਤੋਂ ਮੁਕਤ ਦੇਸ਼ ਹੈ। ਗੁਲਜ਼ਾਰ ਸੰਧੂ ਨੇ ਕਿਹਾ ਕਿ ਪੰਜਾਬੀ ਮਨੁੱਖ ਨੇ ਪੈਰ ਪੈਰ ’ਤੇ ਪਰਵਾਸ ਹੰਢਾਇਆ ਹੈ। ਹਰਕੀ ਵਿਰਕ ਨੇ ਆਪਣੀਆਂ ਕਵਿਤਾਵਾਂ ਦੇ ਹਵਾਲੇ ਨਾਲ ਪਰਵਾਸ ਦੌਰਾਨ ਕੀਤੇ ਸੰਘਰਸ਼ ਦੀ ਬਾਤ ਸਾਂਝੀ ਕੀਤੀ।
ਡਾ. ਰਘਬੀਰ ਨੇ ਕਿਹਾ, ‘‘ਕੈਨੇਡਾ ਵਿਚ ਵਿਚਰਦਿਆਂ ਮੈਂ ਮਹਿਸੂਸ ਕੀਤਾ ਕਿ ਪਰਵਾਸ ਮਨੁੱਖ ਅੰਦਰ ਦੂਜੇ ਸਭਿਆਚਾਰਾਂ ਪ੍ਰਤੀ ਨਵੀਂ ਸਮਝ ਪੈਦਾ ਕਰਦਾ ਹੈ।’’ ਡਾ. ਕੁਲਦੀਪ ਸਿੰਘ ਦੀਪ, ਪ੍ਰਬੰਧਕ ਬਲਕਾਰ ਸਿੰਘ ਸਿੱਧੂ, ਦੀਪਕ ਚਨਾਰਥਲ, ਸੰਜੀਵਨ ਸਿੰਘ, ਸੁਰਿੰਦਰ ਗਿੱਲ, ਡਾ. ਗੁਰਮੇਲ ਸਿੰਘ ਅਤੇ ਸੁਰਜੀਤ ਕੌਰ ਆਦਿ ਮੌਜੂਦ ਸਨ।