ਪੱਤਰ ਪ੍ਰੇਰਕ
ਐੱਸਏਐੱਸ. ਨਗਰ (ਮੁਹਾਲੀ), 19 ਮਈ
ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਮੁਹਾਲੀ ਦੇ ਸੈਕਟਰ-68 ਸਥਿਤ ਲਾਈਵਸਟਾਕ ਕੰਪਲੈਕਸ ਵਿੱਚ ਅਗਾਂਹਵਧੂ ਡੇਅਰੀ ਫਾਰਮਰਾਂ ਅਤੇ ਮੱਛੀ ਪਾਲਕਾਂ ਨਾਲ ਮੀਟਿੰਗ ਕੀਤੀ ਗਈ। ਪੜਾਅਵਾਰ ਬਾਅਦ ਦੁਪਹਿਰ ਸ਼ੁਰੂ ਹੁੰਦੀਆਂ ਵੱਖ-ਵੱਖ ਮੀਟਿੰਗਾਂ ਦੇਰ ਸ਼ਾਮ ਤੱਕ ਚੱਲੀਆਂ। ਉਨ੍ਹਾਂ ਨੇ ਡੇਅਰੀ ਫਾਰਮਰਾਂ ਅਤੇ ਮੱਛੀ ਪਾਲਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾ ਬਾਰੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਅੱਜ ਕੱਲ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਕਰਕੇ ਹੱਲ ਕਰਵਾਉਣਗੇ। ਇਸ ਤੋਂ ਪਹਿਲਾਂ ਪੀਡੀਐਫ਼ਏ ਦੇ ਪ੍ਰਧਾਨ ਦਲਜੀਤ ਸਿੰਘ ਦੀ ਅਗਵਾਈ ਹੇਠ ਡੇਅਰੀ ਫਾਰਮਰਾਂ ਵੱਲੋਂ ਦੁੱਧ ਦੇ ਰੇਟ ਵਧਾਉਣ, ਸਸਤੀ ਫੀਡ ਉਪਲਬਧ ਕਰਵਾਉਣ ਤੋਂ ਇਲਾਵਾ ਦੁੱਧ ਦੀਆਂ ਕੀਮਤਾਂ ਲਈ ਸਟੇਬਲਾਈਜੇਸ਼ਨ ਫੰਡ ਕਾਇਮ ਕਰਨ ਸਬੰਧੀ ਸੁਝਾਅ ਪੇਸ਼ ਕੀਤੇ ਅਤੇ ਮਿਲਾਵਟੀ ਦੁੱਧ ਦੇ ਧੰਦੇ ’ਤੇ ਨਕੇਲ ਕੱਸਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਇਸ ਮਗਰੋਂ ਮੰਤਰੀ ਨੇ ਮੱਛੀ ਅਤੇ ਝੀਂਗਾ ਪਾਲਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੇ ਵਿਚਾਰ ਸੁਣੇ। ਮੰਤਰੀ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੂੰ ਆਦੇਸ਼ ਦਿੱਤੇ ਕਿ ਯੂਨੀਵਰਸਿਟੀ ਵੱਲੋਂ ਝੀਂਗਾ ਪਾਲਣ ਲਈ ਕਿਸਾਨਾਂ ਨੂੰ ਹਰੇਕ ਸਾਲ ਜਨਵਰੀ, ਫਰਵਰੀ ਅਤੇ ਮਾਰਚ ਵਿੱਚ ਵਿਸ਼ੇਸ਼ ਟਰੇਨਿੰਗ ਦੇਣ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨਾਂ ਨੇ ਮੰਤਰੀ ਨੂੰ ਸੁਝਾਅ ਦਿੱਤਾ ਕਿ ਖਾਲੀ ਪਈਆਂ ਸ਼ਾਮਲਾਤ ਜ਼ਮੀਨਾਂ ਨੂੰ ਮੱਛੀ ਪਾਲਣ ਅਧੀਨ ਲਿਆਉਣ ਲਈ ਠੇਕੇ ’ਤੇ ਦਿੱਤੀਆਂ ਜਾਣ। ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਐਮਡੀ ਕਲਦੀਪ ਸਿੰਘ ਸੰਘਾ, ਡਾਇਰੈਕਟਰ ਡਾ. ਸੁਭਾਸ਼ ਚੰਦਰ, ਕੁਲਦੀਪ ਸਿੰਘ ਜੱਸੋਵਾਲ ਹਾਜ਼ਰ ਸਨ।