ਮਿਹਰ ਸਿੰਘ
ਕੁਰਾਲੀ, 18 ਅਪਰੈਲ
ਨਗਰ ਕੌਂਸਲ ਕੁਰਾਲੀ ਦੇ ਨਵੇਂ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਸ਼ਹਿਰ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਦੇ ਸਮੂਹ ਕੌਂਸਲਰਾਂ ਦਾ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕੀਤਾ ਹੈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਥਾਨਕ ਪ੍ਰਾਚੀਨ ਡੇਰਾ ਗੁਸਾਈਂਆਣਾ ਵਿੱਚ ਹਾਜ਼ਰੀ ਲਵਾਉਣ ਮਗਰੋਂ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਸ਼ਹਿਰ ਦੇ ਸਮੂਹ 17 ਕੌਂਸਲਰਾਂ ਵਿੱਚੋਂ ਦੋ ਅਕਾਲੀ ਕੌਂਸਲਰਾਂ ਨੂੰ ਛੱਡ ਕੇ ਬਾਕੀ 15 ਕੌਂਸਲਰਾਂ ਨੇ ਉਨ੍ਹਾਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ।
ਕੌਂਸਲ ਪ੍ਰਧਾਨ ਜੀਤੀ ਪਡਿਆਲਾ ਨੇ ਪ੍ਰਧਾਨ ਦੀ ਚੋਣ ਲਈ ਮਿਲੇ ਬਹੁਮਤ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਚੋਣ ਵਿੱਚ ਉਨ੍ਹਾਂ ਦੇ ਮੁਕਾਬਲੇ ਆਜ਼ਾਦ ਕੌਂਸਲਰ ਭਾਵਨਾ ਸ਼ਰਮਾ ਵੀ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਸਨ। ਉਨ੍ਹਾਂ ਕਿਹਾ ਕਿ ਚੋਣ ਦੌਰਾਨ ਹੀ ਜਦੋਂ ਸਿਟੀ ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ ਨੇ ਉਨ੍ਹਾਂ ਦਾ ਨਾਂ ਪੇਸ਼ ਕੀਤਾ ਤਾਂ ਸ਼ਹਿਰ ਦੇ 9 ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਬਹੁਮਤ ਦਿੱਤਾ ਦਿੱਤਾ। ਇਸ ਮਗਰੋਂ ਦੂਜੇ ਧੜੇ ਨੇ ਆਜ਼ਾਦ ਉਮੀਦਵਾਰ ਭਾਵਨਾ ਸ਼ਰਮਾ ਦਾ ਨਾਂ ਪ੍ਰਧਾਨਗੀ ਦੇ ਅਹੁਦੇ ਲਈ ਵਾਪਸ ਲੈ ਲਿਆ ਅਤੇ ਬਦਲੇ ਹਾਲਾਤ ਵਿੱਚ ਭਾਵਨਾ ਸ਼ਰਮਾ ਸਮੇਤ 15 ਕੌਂਸਲਰਾਂ ਨੇ ਉਨ੍ਹਾਂ ਦੇ ਹੱਕ ਵਿੱਚ ਸਮਰਥਨ ਦੇ ਦਿੱਤਾ। ਜੀਤੀ ਪਡਿਆਲਾ ਨੇ ਕਿਹਾ ਕਿ ਸ਼ਹਿਰ ਦੇ ਦੋ ਅਕਾਲੀ ਕੌਂਸਲਰਾਂ ਨੇ ਇਸ ਚੋਣ ਵਿੱਚ ਹਿੱਸਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਸਰਬਪੱਖੀ ਅਤੇ ਬਗੈਰ ਵਿਤਕਰੇ ਤੋਂ ਵਿਕਾਸ ਉਨ੍ਹਾਂ ਦੀ ਤਰਜੀਹ ਹੋਵੇਗੀ।
ਇਸੇ ਦੌਰਾਨ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਸ਼ਹਿਰੀਆਂ ਦੀ ਮੰਗ ’ਤੇ ਰਣਜੀਤ ਸਿੰਘ ਜੀਤੀ ਢਾਈ ਸਾਲ ਲਈ ਪ੍ਰਧਾਨ ਹੋਣਗੇ ਜਦਕਿ ਅਗਲੇ ਢਾਈ ਸਾਲਾਂ ਲਈ ਸਿਟੀ ਕਾਂਗਰਸ ਦੇ ਪ੍ਰਧਾਨ ਨੰਦੀਪਾਲ ਬਾਂਸਲ ਪ੍ਰਧਾਨ ਬਣਨਗੇ। ਇਨ੍ਹਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਹੈਪੀ ਧੀਮਾਨ ਨੂੰ ਵੀ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਕੌਂਸਲਰ ਰਮਾਕਾਂਤ ਕਾਲੀਆ, ਰਵਿੰਦਰ ਬਿੱਲਾ ਅਤੇ ਮੱਟੂ ਬਾਂਸਲ ਆਦਿ ਹਾਜ਼ਰ ਸਨ।