ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 24 ਅਪਰੈਲ
ਸੈਕਟਰ 45 ਸਥਿਤ ਮਾਡਰਨ ਬੁੜੈਲ ਜੇਲ੍ਹ ਦੀ ਬਾਹਰਲੀ ਕੰਧ ਨੇੜੇ ਲੰਘੀ ਦੇਰ ਰਾਤ ਮਿਲੇ ਬੰਬ ਨੂੰ ਨੈਸ਼ਨਲ ਸਕਿਉਰਿਟੀ ਗਰੁੱਪ (ਐੱਨਐੱਸਜੀ) ਦੀ ਨਿਗਰਾਨੀ ਹੇਠ ਅੱਜ ਬਾਅਦ ਦੁਪਹਿਰ ਨਸ਼ਟ ਕਰ ਦਿੱਤਾ ਗਿਆ। ਸ਼ਨਿਚਰਵਾਰ ਰਾਤ ਚੈਕਿੰਗ ਦੌਰਾਨ ਪੁਲੀਸ ਨੂੰ ਬੁੜੈਲ ਜੇਲ੍ਹ ਦੀ ਪਿਛਲੀ ਕੰਧ ਨਾਲ ਇੱਕ ਟਿਫਿਨ ਬੰਬ ਮਿਲਿਆ ਸੀ। ਦੇਰ ਰਾਤ ਤੱਕ ਇਸ ਬੰਬ ਸਬੰਧੀ ਕੀਤੀ ਜਾਂਚ ਤੋਂ ਬਾਅਦ ਅੱਜ ਹਰਿਆਣਾ ਦੇ ਮਾਨੇਸਰ ਤੋਂ ਇੱਥੇ ਦੁਪਹਿਰ 1 ਵਜੇ ਪੁੱਜੀ ਐੱਨਐੱਸਜੀ ਦੀ ਟੀਮ ਨੇ ਲਗਪਗ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇਸ ਬੰਬ ਨੂੰ ਡਿਫਿਊਜ ਕਰ ਦਿੱਤਾ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਅਪਰੇਸ਼ਨ ਸੈੱਲ ਦੀ ਟੀਮ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਸੈਕਟਰ 16 ਹਸਪਤਾਲ ਵੱਲੋਂ ਡਾਕਟਰਾਂ ਦੀ ਟੀਮ ਵੀ ਮੌਜੂਦ ਰਹੀ। ਧਮਾਕਾਖੇਜ਼ ਸਮੱਗਰੀ ਸਬੰਧੀ ਜਾਂਚ ਕਰਨ ਲਈ ਪੁਲੀਸ ਦੇ ਸਨੀਫਰ ਡੌਗਸ ਵੀ ਇੱਥੇ ਲਿਆਂਦੇ ਗਏ ਸਨ। ਬੁੜੈਲ ਜੇਲ੍ਹ ਦੇ ਬਾਹਰ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ।
ਸ਼ਨਿਚਰਵਾਰ ਦੇਰ ਸ਼ਾਮ ਚੰਡੀਗੜ੍ਹ ਦੀ ਹਾਈ ਸਕਿਉਰਿਟੀ ਮਾਡਰਨ ਬੁੜੈਲ ਜੇਲ੍ਹ ਦੀ ਕੰਧ ਨੇੜੇ ਧਮਾਕਾਖੇਜ਼ ਸਮੱਗਰੀ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲੀਸ ਸਮੇਤ ਬੁੜੈਲ ਜੇਲ੍ਹ ਪ੍ਰਸ਼ਾਸਨ ਵਿੱਚ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ ਸੀ। ਮੌਕੇ ’ਤੇ ਪੁਲੀਸ ਨੇ ਜਦੋਂ ਜੇਲ੍ਹ ਦੀ ਕੰਧ ਨਾਲ ਪਿਆ ਕਾਲਾ ਬੈਗ ਖੋਲ੍ਹਿਆ ਤਾਂ ਬੈਗ ਦੇ ਅੰਦਰੋਂ ਜੈਲੇਟਿਨ ਦੀ ਛੜੀ, ਡੈਟੋਨੇਟਰ ਤੇ ਤਾਰਾਂ ਆਦਿ ਸਾਮਾਨ ਮਿਲਿਆ। ਚੰਡੀਗੜ੍ਹ ਪੁਲੀਸ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ, ਐੱਸਪੀ (ਸਿਟੀ) ਕੇਤਨ ਬਾਂਸਲ ਅਤੇ ਐੱਸਐੱਸਪੀ ਮੁਹਾਲੀ ਸਮੇਤ ਹੋਰ ਪੁਲੀਸ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਮੌਕੇ ਫਾਇਰ ਬ੍ਰਿਗੇਡ ਦੀ ਟੀਮ ਸਮੇਤ ਚੰਡੀਗੜ੍ਹ ਪੁਲੀਸ ਦਾ ਬੰਬ ਨਿਰੋਧੀ ਦਸਤਾ ਅਤੇ ਚੰਡੀ ਮੰਦਿਰ ਤੋਂ ਫ਼ੌਜ ਵੀ ਸੱਦ ਲਈ ਗਈ ਸੀ। ਦੇਰ ਰਾਤ ਲਗਪਗ 12 ਵਜੇ ਤੱਕ ਇੱਥੇ ਫ਼ੌਜ ਦਾ ਅਪਰੇਸ਼ਨ ਜਾਰੀ ਰਿਹਾ। ਫੋਰੈਂਸਿਕ ਟੀਮ ਨੇ ਜਾਂਚ ਲਈ ਮੌਕੇ ਤੋਂ ਨਮੂਨੇ ਇਕੱਤਰ ਕੀਤੇ ਜਦਕਿ ਮੁਹਾਲੀ ਪੁਲੀਸ ਦੀ ਟੀਮ ਵੀ ਮੌਕੇ ‘ਤੇ ਜਾਂਚ ਲਈ ਪੁੱਜੀ। ਦੂਜੇ ਪਾਸੇ, ਸੈਕਟਰ 49 ਥਾਣਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।